ਕਿਸਾਮ ਮੋਰਚੇ ਦੇ ਵੱਲੋਂ 19 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਮੌਨਸੂਨ ਇਜਲਾਸ ਦੌਰਾਨ ਕੇਂਦਰ ਦੇ 3 ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਮੋਦੀ ਸਰਕਾਰ ਨੂੰ ਘੇਰਨ ਲਈ ਵਿਉਂਤਬੰਦੀ ਉਲੀਕਦਿਆਂ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਹੈ। ਆਗੂਆਂ ਨੇ ਅਸਮਾਨੀ ਪੁੱਜੀਆਂ ਤੇਲ ਕੀਮਤਾਂ ਖ਼ਿਲਾਫ਼ ਜਿੱਥੇ 8 ਜੁਲਾਈ ਨੂੰ ਦੇਸ਼ਵਿਆਪੀ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਹੈ, ਉਥੇ ਮੌਨਸੂਨ ਇਜਲਾਸ ਦੌਰਾਨ ਸੰਸਦ ਦੇ ਬਾਹਰ ਰੋਜ਼ਾਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਆਗੂਆਂ ਨੇ ਕਿਹਾ ਕਿ 22 ਜੁਲਾਈ ਤੋਂ ਸੰਸਦ ਵੱਲ ਮਾਰਚ ਕੱਢਿਆ ਜਾਵੇਗਾ, ਜੋ ਮੌਨਸੂਨ ਇਜਲਾਸ ਜਾਰੀ ਰਹਿਣ ਤੱਕ ਜਾਰੀ ਰਹੇਗਾ। ਮੋਰਚੇ ਨੇ ਕਿਹਾ ਕਿ ਸੰਸਦ ਦੇ ਬਾਹਰ ਰੋਜ਼ਾਨਾ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿੱਚ ਦੋ ਸੌ ਦੇ ਕਰੀਬ ਕਿਸਾਨ ਸ਼ਾਮਲ ਹੋਣਗੇ। 40 ਤੋਂ ਵੱਧ ਕਿਸਾਨ ਯੂਨੀਅਨਾਂ ’ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਮੌਨਸੂਨ ਇਜਲਾਸ ਦੇ ਆਗਾਜ਼ ਤੋਂ ਦੋ ਦਿਨ ਪਹਿਲਾਂ 17 ਜੁਲਾਈ ਨੂੰ ਵਿਰੋਧੀ ਧਿਰ ਨਾਲ ਸਬੰਧਤ ਸਾਰੇ ਸੰਸਦ ਮੈਂਬਰਾਂ ਨੂੰ ‘ਚਿਤਾਵਨੀ ਪੱਤਰ’ ਦਿੱਤੇ ਜਾਣਗੇ ਤਾਂ ਕਿ ਉਹ ਸਦਨ ਦੇ ਅੰਦਰ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਨ। ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੀ ਬੀਤੇ ਦਿਨ ਸਿੰਘੂ ਬਾਰਡਰ ’ਤੇ ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਅਹਿਮ ਫੈਸਲੇ ਲਏ ਗਏ। ਸ੍ਰੀ ਬੁਰਜਗਿੱਲ ਨੇ ਸੰਘਰਸ਼ ਨੂੰ ਅੱਗੇ ਲਿਜਾਣ ਲਈ ਉਲੀਕੇ ਪ੍ਰੋਗਰਾਮਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਕਿਸਾਨ-ਜਥੇਬੰਦੀਆਂ ਨੇ ਖੇਤਾਂ ਲਈ ਬਿਜਲੀ ਸਪਲਾਈ ’ਚ ਸੁਧਾਰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ-ਮਹਿਲ ਦਾ ਘਿਰਾਓ ਮੁਲਤਵੀ ਕਰ ਦਿੱਤਾ ਹੈ। ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਪਿਛਲੀ ਮੀਟਿੰਗ ’ਚ ਲਏ ਫੈਸਲੇ ਮੁਤਾਬਕ 8 ਜੁਲਾਈ ਨੂੰ 10 ਤੋਂ 12 ਵਜੇ ਤੱਕ ਦੇਸ਼-ਭਰ ’ਚ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ।
ਬੀਕੇਯੂ (ਹਰਿਆਣਾ) ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਫਰੀਦਾਬਾਦ ਦੇ ਖੋਰੀ ਪਿੰਡ ਦੇ ਲੋਕਾਂ ਦੇ ਬੁਰੇ ਹਾਲਤ ਬਿਆਨੇ। ਰਾਜਸਥਾਨ ਵਿੱਚ ਨਹਿਰੀ ਪਾਣੀ ਨੂੰ ਲੈ ਕੇ ਸ਼ੁਰੂ ਹੋਏ ਅੰਦੋਲਨ ਬਾਰੇ ਕਿਸਾਨ ਆਗੂ ਰਾਜੂ ਨੇ ਦੱਸਿਆ ਕਿ ਪਾਕਿਸਤਾਨ ਨੂੰ ਸਾਢੇ ਤਿੰਨ ਲੱਖ ਕਿਊਸਿਕ ਪਾਣੀ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਕਦੇ ਰਾਜਸਥਾਨ ਦਾ ਨਹਿਰੀ ਸਿਸਟਮ ਦੁਨੀਆ ਦਾ ਵਧੀਆ ਪ੍ਰਬੰਧ ਸੀ, ਜੋ ਹੁਣ ਨਕਾਰਾ ਹੋ ਚੁੱਕਾ ਹੈ।
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਤੇ ਖੇਤੀ ਕਾਨੂੰਨਾਂ ਦਾ ਮੁੱਦਾ ਉਭਾਰਨ ’ਤੇ ਜ਼ੋਰ ਪਾਵਾਂਗੇ: ਰਾਜੇਵਾਲ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ‘‘ਅਸੀਂ ਵਿਰੋਧੀ ਧਿਰ ਨਾਲ ਸਬੰਧਤ ਸੰਸਦ ਮੈਂਬਰਾਂ ਨੂੰ ਕਹਾਂਗੇ ਕਿ ਉਹ ਮੌਨਸੂਨ ਇਜਲਾਸ ਦੌਰਾਨ ਰੋਜ਼ਾਨਾ ਸਦਨ ਦੇ ਅੰਦਰ ਖੇਤੀ ਕਾਨੂੰਨਾਂ ਨਾਲ ਸਬੰਧਤ ਮੁੱਦੇ ਨੂੰ ਉਭਾਰਨ ਜਦੋਂਕਿ ਅਸੀਂ ਸੰਸਦ ਦੇ ਬਾਹਰ ਬੈਠ ਕੇ ਪ੍ਰਦਰਸ਼ਨ ਕਰਾਂਗੇ। ਅਸੀਂ ਉਨ੍ਹਾਂ ਨੂੰ ਦੱਸਾਂਗੇ ਕਿ ਉਹ ਸਰਕਾਰ ਨੂੰ ਮੌਨਸੂਨ ਇਜਲਾਸ ਅਜਾਈਂ ਜਾਣ ਦੇਣ ਦਾ ਲਾਹਾ ਨਾ ਲੈਣ ਦੇਣ। ਜਦੋਂ ਤੱਕ ਸਰਕਾਰ ਇਸ ਮੁੱਦੇ ਦੇ ਮੁਖਾਤਿਬ ਨਹੀਂ ਹੁੰਦੀ ਇਜਲਾਸ ਨੂੰ ਨਾ ਚੱਲਣ ਦਿੱਤਾ ਜਾਵੇ।’’ ਮੌਨਸੂਨ ਇਜਲਾਸ 19 ਜੁਲਾਈ ਨੂੰ ਸ਼ੁਰੂ ਹੋ ਕੇ 8 ਅਗਸਤ ਤੱਕ ਚੱਲੇਗਾ। ਉਨ੍ਹਾਂ ਕਿਹਾ, ‘‘ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਧਰਦੀ, ਅਸੀਂ ਸੰਸਦ ਦੇ ਬਾਹਰ ਲਗਾਤਾਰ ਪ੍ਰਦਰਸ਼ਨ ਜਾਰੀ ਰੱਖਾਂਗੇੇ।’’ ਰਾਜੇਵਾਲ ਨੇ ਕਿਹਾ ਕਿ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਪਿਯੂਸ਼ ਗੋਇਲ ਇਹ ਕਹਿੰਦੇ ਰਹੇ ਹਨ ਕਿ ਸਰਕਾਰ ਗੱਲਬਾਤ ਲਈ ਤਿਆਰ ਹੈ, ਬਸ਼ਰਤੇ ਕਿਸਾਨ ਕਾਨੂੰਨਾਂ ਦੇ ਉਨ੍ਹਾਂ ਹਿੱਸਿਆਂ ’ਤੇ ਗੱਲ ਕਰਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਕਾਨੂੰਨਾਂ ’ਚ ਸੋਧਾਂ ਸਵੀਕਾਰ ਨਹੀਂ। ਰਾਜੇਵਾਲ ਕਿਹਾ ਕਿ ਹਰੇਕ ਕਿਸਾਨ ਯੂਨੀਅਨ ਤੋਂ ਪੰਜ ਮੈਂਬਰ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ ਖਿਲਾਫ਼ 8 ਜੁਲਾਈ ਨੂੰ ਦੇਸ਼ਵਿਆਪੀ ਰੋਸ਼ ਮੁਜ਼ਾਹਰੇ ਦਾ ਸੱਦਾ ਦਿੱਤਾ ਹੈ। ਮੋਰਚੇ ਦੇ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਸ ਦਿਨ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਆਪਣੇ ਵਾਹਨਾਂ ਨੂੰ ਸੂਬਾਈ ਤੇ ਕੌਮੀ ਸ਼ਾਹਰਾਹਾਂ ’ਤੇ ਖੜ੍ਹਾ ਕੇ ਆਪਣਾ ਰੋਸ ਦਰਜ ਕਰਵਾਉਣ। ਰਾਜੇਵਾਲ ਨੇ ਕਿਹਾ, ‘‘ਤੁਹਾਡੇ ਕੋਲ ਟਰੈਕਟਰ, ਟਰਾਲੀ, ਕਾਰ, ਸਕੂਟਰ ਜਾਂ ਫਿਰ ਕੋਈ ਵਾਹਨ ਹੋਵੇ, ਉਸ ਨੂੰ ਨੇੜਲੇ ਸੂਬਾਈ ਜਾਂ ਕੌਮੀ ਸ਼ਾਹਰਾਹ ’ਤੇ ਲਿਆ ਕੇ ਖੜ੍ਹਾਇਆ ਜਾਵੇ। ਪਰ ਖਿਆਲ ਰੱਖਣਾ ਕਿ ਇਸ ਨਾਲ ਆਵਾਜਾਈ ’ਚ ਵਿਘਨ ਨਾ ਪਏ।’’ ਉਨ੍ਹਾਂ ਧਰਨੇ ਪ੍ਰਦਰਸ਼ਨਾਂ ਵਾਲੀ ਥਾਂ ਰਸੋਈ ਗੈਸ ਸਿਲੰਡਰ ਲਿਆਉਣ ਲਈ ਵੀ ਕਿਹਾ ਹੈ।
ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਸ਼ਰਤਾਂ ਨਾ ਰੱਖੇ ਸਰਕਾਰ: ਟਿਕੈਤ
ਚੰਡੀਗੜ੍ਹ:ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਜੇ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦੀ ਖ਼ਾਹਿਸ਼ਮੰਦ ਹੈ ਤਾਂ ਇਸ ਲਈ ਸ਼ਰਤਾਂ ਨਾ ਰੱਖੇ। ਟਿਕੈਤ ਨੇ ਰੋਹਤਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਸੀਂ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਸਰਕਾਰ ਚਾਹੇ, ਅਸੀਂ ਗੱਲਬਾਤ ਲਈ ਤਿਆਰ ਹਾਂ। ਪਰ ਇਹ ਸਮਝ ਨਹੀਂ ਆਉਂਦੀ ਕਿ ਉਹ ਖੇਤੀ ਕਾਨੂੰਨ ਵਾਪਸ ਨਾ ਲਏ ਜਾਣ ਦੀਆਂ ਸ਼ਰਤਾਂ ਕਿਉਂ ਰੱਖ ਰਹੀ ਹੈ।’’ ਟਿਕੈਤ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਕਥਿਤ ਕਾਰਪੋਰੇਟਾਂ ਦੇ ਦਬਾਅ ਅਧੀਨ ਕੰਮ ਕਰ ਰਹੀ ਹੈ। ਕਿਸਾਨ ਆਗੂ ਨੇ ਅੱਜ ਰੋਹਤਕ ਵਿੱਚ ਮਹਿਲਾ ਕਾਰਕੁਨਾਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਵਿੱਢੇ ‘ਗੁਲਾਬੀ ਧਰਨੇ’ ਨੂੰ ਵੀ ਸੰਬੋਧਨ ਕੀਤਾ। ਇਸ ਦੌਰਾਨ ਜੀਂਦ ਜ਼ਿਲ੍ਹੇ ਦੇ ਉਚਾਨਾ ਵਿੱਚ ਹੋਈ ਕਿਸਾਨ ਮਹਾਪੰਚਾਇਤ ਦੌਰਾਨ ਅਗਾਮੀ ਪੰਚਾਇਤ ਚੋਣਾਂ ਵਿੱਚ ਭਾਜਪਾ-ਜੇਜੇਪੀ ਦੀ ਹਮਾਇਤ ਵਾਲੇ ਉਮੀਦਵਾਰਾਂ ਦੇ ਬਾਈਕਾਟ ਸਮੇਤ ਨੌਂ ਮਤੇ ਪਾਸ ਕੀਤੇ ਗਏ।