ਆਮ ਆਦਮੀ ਪਾਰਟੀ ਦੇ ਸੁਪਰੀਮੋਂ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪਹਿਲੀ ਵਾਰ ਪੰਜਾਬ ਦੇ ‘ਆਪ’ ਵਿਧਾਇਕਾਂ ਨੂੰ ਵੀਡੀਓ ਕਾਨਫ਼ਰੰਸ ਜ਼ਰੀਏ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ‘ਆਪ’ ਵਿਧਾਇਕਾਂ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਕਿਹਾ ਕਿ ਕਿਸੇ ਦੀ ਵੀ ਕਿਸੇ ਵੀ ਤਰ੍ਹਾਂ ਦੀ ਗੜਬੜ ਬਰਦਾਸਤ ਨਹੀਂ ਕੀਤੀ ਜਾਵੇਗੀ ਤੇ ਨਾ ਹੀ ਕਿਸੇ ਨੂੰ ਦੂਜਾ ਮੌਕਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਹੋਰ ਵੀ ਕਈ ਤਰ੍ਹਾਂ ਦੀਆਂ ਸਖਤ ਹਦਾਇਤਾਂ ਦਿੱਤੀਆਂ।
ਮੁੱਖ ਮੰਤਰੀ ਭਗਵੰਤ ਮਾਨ ਬਾਰੇ ਬੋਲਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਨੂੰ ਸਹੁੰ ਚੁੱਕੇ ਹੋਏ ਅਜੇ ਤਿੰਨ ਦਿਨ ਹੋਏ ਹਨ ਅਤੇ ਉਨ੍ਹਾਂ ਨੇ ਤਿੰਨ ਦਿਨਾਂ ’ਚ ਹੀ ਵੱਡੇ-ਵੱਡੇ ਫ਼ੈਸਲੇ ਲੈ ਕੇ ਪੰਜਾਬ ’ਚ ਕਮਾਲ ਕਰ ਦਿੱਤਾ ਹੈ, ਜਿਸ ਦੀ ਚਰਚਾ ਪੂਰੇ ਦੇਸ਼ ‘ਚ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀ ਖ਼ਰਾਬ ਫ਼ਸਲ ਦੇ ਪੀੜਤਾਂ ਲਈ ਮੁਆਵਜ਼ਾ ਜਾਰੀ ਕਰਨ ਦੇ ਨਾਲ-ਨਾਲ ਪੰਜਾਬ ’ਚ 25 ਹਜ਼ਾਰ ਨੌਕਰੀਆਂ ਕੱਢਣ ਦਾ ਫੈਸਲਾ ਕਰ ਉਨ੍ਹਾਂ ਨੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਇਕ ਵੱਡਾ ਕਦਮ ਚੁੱਕਿਆ ਹੈ।
ਕੱਲ੍ਹ ਬਣੇ ਨਵੇਂ ਮੰਤਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਇਹ ਜੋ ਮੰਤਰੀ ਬਣੇ ਹਨ ਇਹ ਕੋਈ ਉੱਚਾ ਅਹੁਦਾ ਨਹੀਂ ਸਗੋਂ ਇਕ ਵੱਡੀ ਜ਼ਿੰਮੇਵਾਰੀ ਹੈ ਉਨ੍ਹਾਂ ਨੂੰ ਮਿਲੀ ਇਹ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਨੀ ਪਵੇਗੀ। ਜਿਹੜੇ ਵਿਧਾਇਕ ਮੰਤਰੀ ਨਹੀਂ ਬਣ ਸਕੇ, ਉਨ੍ਹਾਂ ਬਾਰੇ ਗਲ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਜੋ ਮੰਤਰੀ ਨਹੀਂ ਬਣ ਸਕੇ ਉਹ ਕਿਸੇ ਤੋਂ ਘੱਟ ਹਨ। ਪੰਜਾਬ ਦੇ ਲੋਕਾਂ ਨੇ ਇਕ-ਇਕ ਹੀਰਾ ਚੁਣ ਕੇ ਸਾਨੂੰ ਦਿੱਤਾ ਹੈ। ਪੰਜਾਬ ਦੀ ਤਰੱਕੀ ਲਈ 92 ਵਿਧਾਇਕਾਂ ਦੀ ਮਜ਼ਬੂਤ ਟੀਮ ਜ਼ਰੂਰੀ ਹੈ। ਪੰਜਾਬ ਦੀ ਕੈਬਨਿਟ ’ਚ 17 ਮੰਤਰੀ ਹੀ ਬਣਨਗੇ। ਪੰਜਾਬ ਦੀ ਟੀਮ ਦਾ ਲੀਡਰ ਮਾਨ ਹੋਵੇਗਾ ਤੇ ਸਾਰਿਆਂ ਨੇ ਇਕ ਟੀਮ ਬਣ ਕੇ ਪੰਜਾਬ ਨੂੰ ਸੁਧਾਰਨਾ ਹੈ ਤੇ ਮੈਂ ਤੁਹਾਡਾ ਵੱਡਾ ਭਰਾ ਹਾਂ ਮੇਰੀ ਜਿੱਥੇ ਵੀ ਲੋੜ ਪਵੇਗੀ ਮੈਂ ਤਿਆਰ ਹਾਂ।
ਵਿਧਾਇਕਾਂ ਨੂੰ ਹਦਾਇਤਾਂ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਕੋਈ ਵੀ ਵਿਧਾਇਕ ਆਪਣੀ ਜਿੱਤ ਦਾ ਹੰਕਰ ਨਾ ਕਰੇ। ਤੁਸੀਂ ਕਿਸੇ ਨੂੰ ਨਹੀਂ ਹਰਾਇਆ, ਤੁਹਾਨੂੰ ਜਨਤਾ ਨੇ ਜਿਤਾਇਆ ਹੈ। ਜਨਤਾ ਨੇ ਵੱਡੇ-ਵੱਡੇ ਲੀਡਰਾਂ ਨੂੰ ਹਰਾਇਆ ਹੈ। ਅਸੀਂ ਜਨਤਾ ਦਾ ਦਿਲ ਜਿੱਤਣਾ ਹੈ।