ਲੋਕਾਂ ਦੇ ਗੁੱਸੇ ਦਾ ਹੜ੍ਹ ਬਾਦਲ ਕੈਪਟਨ ਗਠਜੋੜ ਨੂੰ 2022 ਦੀਆਂ ਚੋਣਾਂ ਵਿੱਚ ਨੇਸਤੋ ਨਾਬੂਦ ਕਰ ਦੇਵੇਂਗਾ।
ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਬਕਾ ਪੁਲਿਸ ਅਫ਼ਸਰ ਕੁੰਵਰ ਵਿਜੇ ਪ੍ਰਤਾਪ ਸਿੱਖ ਕੌਮ ਤੇ ਪੰਜਾਬ ਦੇ ਇਤਿਹਾਸ ਦਾ ਇੱਕ ਨਾਇਕ ਤੇ ਹੀਰੋ ਹੋ ਨਿਬੜਿਆ ਹੈ। ਉਸਨੇ ਜਿਸ ਤਰ੍ਹਾਂ ਬਰਗਾੜੀ ਤੇ ਬਹਿਬਲਕਲਾਂ ਗੋਲੀ ਕਾਂਡ ਤੇ ਕੋਟਕਪੂਰਾ ਕਾਂਡ ਦੀ ਜਾਂਚ ਬਿਨਾਂ ਕਿਸੇ ਦਬਾਉ ਦੇ ਦਲੇਰੀ, ਈਮਾਨਦਾਰੀ ਤੇ ਪ੍ਰਾਦਰਸ਼ਤਾ ਨਾਲ ਲੜੀ ਅਤੇ ਕੜੀ ਨਾਲ਼ ਕੜੀ ਜੋੜ ਕੇ (9) ਨੌਂ ਚਲਾਨ ਦੋਸ਼ੀਆਂ ਖਿਲਾਫ਼ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤੇ। ਇਥੋਂ ਤੱਕ ਕੈਪਟਨ ਦੀ ਪੰਜਾਬ ਸਰਕਾਰ ਵੀ ਠੀਕ ਰਹੀ ਕਿਉਂਕਿ ਇਥੋਂ ਤੱਕ ਤਾਂ ਸਿਰਫ਼ ਪਿਆਦੇ ਹੀ ਮਰਦੇ ਤੇ ਫਸਦੇ ਸਨ ਪਰ ਜਦੋਂ ਦਸਵੇਂ ਤਿਆਰ ਬਰ ਤਿਆਰ ਚਲਾਨ ਵਿੱਚ ਸਾਹਮਣੇ ਰਾਜਾ ਤੇ ਰਾਣੀ ਮਰਦੇ ਵੇਖੇ ਤਾਂ ਇਥੇ ਸ਼ਤਰੰਜ ਦੀ ਚਾਲ ਖੇਡ ਰਹੇ ਪੰਜਾਬ ਸਰਕਾਰ ਦੇ ਹਾਕਮ , ਦੋਸ਼ੀ ਤੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਤੇ ਸਰਕਾਰ ਤੇ ਦੋਸ਼ੀਆਂ ਦੇ ਵਕੀਲਾਂ ਨੇ ਇੱਕ ਮੰਚ ਤੇ ਇਕੱਠੇ ਹੋ ਕੇ ਦੋਸ਼ੀਆਂ ਵਿਰੁੱਧ ਪੇਸ਼ ਕੀਤੀ ਗਈ ਕੁੰਵਰ ਵਿਜੇ ਪ੍ਰਤਾਪ ਵਾਲ਼ੀ ਸਿੱਟ ਦੀ ਰਿਪੋਰਟ ਹੀ ਮਾਣਯੋਗ ਹਾਈਕੋਰਟ ਵਿੱਚੋਂ ਖਾਰਜ ਕਰਵਾ ਦਿੱਤੀ । ਇਸ ਤੋਂ ਮਾੜੀ ਗੱਲ ਤੇ ਮਿਲੀ ਭੁਗਤ ਹੋਰ ਕੀ ਹੋ ਸਕਦੀ ਹੈ ? ਉਹਨਾਂ ਕਿਹਾ ਕਿ ਇਹਨਾਂ ਦੋਵਾਂ ਘਰਾਣਿਆਂ ਦੇ ਝੂਠ ਤੇ ਫਰੇਬ ਦਾ ਘੜਾ 2017 ਦੀਆ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਲੋਕਾਂ ਦੀ ਕਚਹਿਰੀ ਵਿੱਚ ਅਸੀਂ ਭੰਨ ਦਿੱਤਾ ਸੀ ਜਦੋਂ ਦੋਵਾਂ ਘਰਾਣਿਆਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਪਟਿਆਲੇ ਤੇ ਲੰਬੀ ਵਿੱਚ ਇੱਕ ਦੂਸਰੇ ਨੂੰ ਸਦਭਾਵਨਾ ਵਜੋਂ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਸੀ ਤਾਂ ਅਸੀਂ ਉਦੋਂ ਹੀ ਕਹਿ ਦਿੱਤਾ ਸੀ ਕਿ ਪੰਜਾਬ ਨੂੰ ਬਾਦਲਾਂ ਨੂੰ ਗੁਲਦਸਤੇ ਭੇਟ ਕਰਨ ਵਾਲ਼ਾ ਮੁੱਖ ਮੰਤਰੀ ਨਹੀਂ ਚਾਹੀਦਾ ।
ਅਕਾਲੀ ਆਗੂ ਨੇ ਦਾਅਵੇ ਨਾਲ ਦੱਸਿਆ ਕਿ ਮਾਣਯੋਗ ਹਾਈਕੋਰਟ ਵਿੱਚ ਪੇਸ਼ੀ ਵਾਲੇ ਦਿਨ ਪੰਜਾਬ ਸਰਕਾਰ ਦਾ ਐਡਵੋਕੇਟ ਜਨਰਲ ਸ਼੍ਰੀ ਅਤੁੱਲ ਨੰਦਾ ਤੇ ਕਥਿਤ ਦੋਸ਼ੀ ਇਕੋ ਸਮੇਂ ਇਕੋ ਦਿਨ ਬੀਮਾਰ ਹੋ ਜਾਂਦੇ ਸਨ ਫ਼ਿਰ ਐਡਵੋਕੇਟ ਜਨਰਲ ਤੇ ਸਾਰੇ ਦੋਸ਼ੀਆਂ ਦੇ ਮੈਡੀਕਲ ਸਰਟੀਫਿਕੇਟ ਵੀ ਇਕੋ ਹਸਪਤਾਲ ਵਿਚੋਂ ਬਣਕੇ ਮਾਣਯੋਗ ਹਾਈਕੋਰਟ ਵਿੱਚ ਪਹੁੰਚ ਜਾਂਦੇ ਸੀ। ਇਹ ਅਤਿ ਦੀ ਬੇਈਮਾਨੀ ਨਹੀਂ , ਤਾਂ ਹੋਰ ਕੀ ਸੀ? ਫ਼ਿਰ ਇਥੋਂ ਤੱਕ ਕਿ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਐਡਵੋਕੇਟ ਜਨਰਲ ਰਹੇ ਆਰ ਐੱਸ ਚੀਮਾਂ ਤੇ ਬਾਦਲ ਸਰਕਾਰ ਸਮੇਂ ਐਡਵੋਕੇਟ ਜਨਰਲ ਰਹੇ ਅਸ਼ੋਕ ਕੁਮਾਰ ਅਗਰਵਾਲ ਦੋਸ਼ੀਆਂ ਦੇ ਵਕੀਲ ਹੁੰਦੇ ਹਨ ਫ਼ਿਰ ਇਨਸਾਫ਼ ਕਿਥੋਂ ਮਿਲਣਾ ਸੀ ? ਸਲਾਬਤਪੁਰਾ ਵਿਖੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਜੋ ਦਸਵੇਂ ਪਾਤਸ਼ਾਹ ਜੀ ਦੀ ਪੁਸ਼ਾਕ ਪਾ ਕੇ ਸਿਵਾਂਗ ਰਚਾਇਆ ਸੀ ਉਸਦੇ ਵਿਰੁੱਧ 295 ਏ ਪਰਚਾ ਦਰਜ ਹੋਇਆ ਸੀ ਉਹ ਬਾਦਲ ਸਰਕਾਰ ਵਲੋਂ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪੰਜ ਦਿਨ ਪਹਿਲਾਂ ਕੈਸਲ ਕਰ ਦਿੱਤਾ ਗਿਆ ਫ਼ਿਰ ਇਨਸਾਫ਼ ਦੀ ਆਸ ਕਿਥੇ ਰਹਿ ਗਈ ? ਉਹਨਾਂ ਕਿਹਾ ਇਹ ਅਦਾਲਤੀ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ 9 ਚਲਾਨ ਪੇਸ਼ ਹੋਏ ਹੋਣ ਤਾਂ ਇਕ IG Police ਦੇ ਪੱਧਰ ਦੇ ਅਫਸਰ ਵਲੋਂ ਕੀਤੀ ਜਾਂਚ ਰੱਦ ਕਰ ਦਿੱਤੀ ਗਈ ਹੋਵੇ।
ਉਹਨਾ ਕਿਹਾ ਏਸੇ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ 30 ਅਪ੍ਰੈਲ ਨੂੰ 11 ਵਜੇ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਦੇ ਬਾਹਰ ਸਮੁੱਚੇ ਖਾਲਸਾ ਪੰਥ ਵਲੋਂ ਪੰਥ ਦੇ ਨਾਇਕ ਤੇ ਸਮੁੱਚੀ ਅਫ਼ਸਰ ਸ਼ਾਹੀ ਲਈ ਰੋਲ ਮਾਡਲ ਬਣੇ ਸਾਬਕਾ ਪੁਲਿਸ ਅਫ਼ਸਰ ਕੰਵਰ ਵਿਜੇ ਪ੍ਰਤਾਪ ਦਾ ਗੋਲ੍ਡ ਮੈਡਲ ਨਾਲ ਸਨਮਾਨ ਕਰਨ ਦਾ ਐਲਾਨ ਕੀਤਾ ਹੈ ਤਾਂ ਕਿ ਇਨਸਾਫ ਦਾ ਗਲਾ ਘੁੱਟਨ ਵਾਲਿਆਂ ਨੂੰ ਸਮਝ ਪੈ ਸਕੇ ਕਿ ਗੁਰੂ ਤੇ ਗੁਰੂ ਦੀ ਸੰਗਤ ਬੇਅਦਬੀ ਦਾ ਇਨਸਾਫ਼ ਦੇਣ ਵਾਲਿਆਂ ਨਾਲ਼ ਖੜੀ ਹੈ । ਉਹਨਾਂ ਕਿਹਾ ਲੋਕਾਂ ਤੇ ਪੰਥ ਦੀ ਕਚਿਹਰੀ ਦਾ ਇਨਸਾਫ ਕੈਪਟਨ ਅਮਰਿੰਦਰ ਸਿੰਘ ਤੇ ਬਾਦਲਾਂ ਦੀ ਦੋਸਤੀ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨੇਸਤੋ ਨਾਬੂਦ ਕਰਕੇ ਪੱਕੇ ਤੌਰ ਤੇ ਸਿਸਵਾਂ ਫ਼ਾਰਮ ਹਾਊਸ ਤੇ ਛੱਡ ਆਵੇਂਗਾ । ਉਹਨਾਂ ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਮੁਖੀਆਂ, ਪੰਥਕ ਸ਼ਖਸ਼ੀਅਤਾਂ ਤੇ ਪੰਥ ਦਰਦੀਆਂ ਨੂੰ ਸਨਮਾਨ ਸਮਾਰੋਹ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ। ਉਹਨਾਂ ਕਿਹਾ ਬੇਅਦਬੀ ਦੇ ਇਨਸਾਫ਼ ਦੀ ਜੰਗ ਜਾਰੀ ਰਹੇਗੀ ।