ਕੋਟਕਪੂਰਾ ਗੋਲੀ ਕਾਂਡ ਅਤੇ ਬੇਅਦਬੀ ਮਾਮਲੇ ਦੀ ਜਾਂਚ ਲਈ ਬਣਾਈ ਗਈ ਐਸ.ਆਈ.ਟੀ ਦੇ ਮੈਂਬਰ ਰਹੇ ਸਾਬਕਾ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਅੱਜ ਹਰਿਮੰਦਰ ਸਾਹਿਬ ਦੇ ਬਾਹਰ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵੱਲੋਂ ਕੁੰਵਰ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਾਦੂਵਾਲ ਤੋਂ ਇਲਾਵਾ ਕਈ ਹੋਰ ਸਿੱਖ ਜੱਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ। ਦਰਅਸਲ ਕੁੰਵਰ ਵਿਜੇ ਪ੍ਰਤਾਪ ਵੱਲੋਂ ਅਸਤੀਫਾ ਦੇਣ ਮਗਰੋਂ ਦਾਦੂਵਾਲ ਅਤੇ ਹੋਰ ਗਰਮ ਖਿਆਲੀ ਜੱਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ 30 ਅਪ੍ਰੈਲ ਨੂੰ ਕੁੰਵਰ ਵਿਜੇ ਪ੍ਰਤਾਪ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਅੱਜ ਸ੍ਰੀ ਹਰਿਮੰਦਰ ਸਹਿਬ ਦੇ ਮੁੱਖ ਪ੍ਰਵੇਸ਼ ਦਵਾਰ ਦੇ ਠੀਕ ਸਾਹਮਣੇ ਹੋਏ ਇਸ ਸਨਮਾਨ ਤੋਂ ਬਾਅਦ ਕੁੰਵਰ ਨੇ ਕਿਹਾ ਕਿ ਮੈਨੂੰ ਮੇਰੀ ਨੌਕਰੀ ਗਈ ਦਾ ਕੋਈ ਅਫਸੋਸ ਨਹੀਂ। ਮੇਰੀ ਨੌਕਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਗਈ ਹੈ। ਜਦ ਮੈਂ ਜਾਂਚ ਸ਼ੁਰੂ ਕੀਤੀ ਸੀ ਤਾਂ ਮੈਨੂੰ ਪਤਾ ਸੀ ਕਿ ਮੇਰੀ ਨੌਕਰੀ ਜਾ ਸਕਦੀ ਹੈ। ਮੇਰੀ ਜਾਨ ਵੀ ਜਾ ਸਕਦੀ ਹੈ ਕਿਉਂਕਿ ਜਿਨ੍ਹਾਂ ਵਿਰੁੱਧ ਜਾਂਚ ਕਰ ਰਿਹਾ ਸੀ, ਉਹ ਬਹੁਤ ਤਾਕਤਵਾਰ ਸਨ। ਉਨ੍ਹਾਂ ਕਿਹਾ ਕਿ ਜੋ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੱਤਿਆ ਕਰ ਸਕਦੇ ਹਨ, ਉਨ੍ਹਾਂ ਨੇ ਲੋਕਤੰਤਰ ਦੀ ਵੀ ਹੱਤਿਆ ਕਰ ਦਿੱਤੀ ਹੈ। ਮੈਨੂੰ ਆਸ ਸੀ ਕਿ ਨਿਆਂ ਪਾਲਿਕਾ ਤੋਂ ਇਨਸਾਫ ਮਿਲੇਗਾ ਪਰ ਨਹੀਂ ਮਿਲਆ। ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਫੈਸਲੇ ‘ਤੇ ਕੋਈ ਬਿਆਨ ਨਹੀਂ ਦੇਣਾ ਚਾਹੁੰਦਾ ਪਰ ਮੇਰੇ ਵੱਲੋਂ ਕੀਤੀ ਜਾਂਚ ਦੀ ਇੱਕ ਇੱਕ ਲਾਈਨ ਸਬੂਤ ਹੈ।ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਮੈਂ ਨੌਕਰੀ ਤੋਂ ਅਸਤੀਫਾ ਦਿੱਤਾ ਤਾਂ ਕੋਈ ਥੱਕ ਹਾਰ ਕੇ ਨਹੀਂ ਦਿੱਤਾ। ਜੰਗ ਦੀ ਸ਼ੁਰੂਆਤ ਕਰਨ ਲਈ ਅਸਤੀਫਾ ਦਿੱਤਾ ਹੈ। ਪੰਜਾਬ ਦੇ ਲੋਕਾਂ ਨੂੰ ਇਨਸਾਫ ਜ਼ਰੂਰ ਮਿਲੇਗਾ।