ਨਗਰ ਕੌਂਸਲ ਅਧੀਨ ਪਿੰਡ ਭਾਗੋਮਾਜਰਾ ਵਿੱਚ ਇੱਕ 40-45 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਹੋਏ ਕੁੱਤੇ ਦੇ ਕਰੀਬ ਤਿੰਨ ਬੱਚਿਆਂ ਨੂੰ ਬਚਾਉਣ ਲਈ ਖਰੜ ਪ੍ਰਸ਼ਾਸਨ ਅਤੇ ਐੱਨ.ਡੀ.ਆਰ.ਐੱਫ ਦੀ ਟੀਮ ਵੱਲੋਂ ਕੋਸ਼ਿਸ਼ਾਂ ਜਾਰੀ ਹਨ। ਟੀਮ ਵੱਲੋਂ ਇੱਕ ਸੁਰੰਗ ਬਣਾ ਕੇ ਇਸ ਵਿੱਚ ਡਿੱਗੇ ਹੋਏ ਬੱਚਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇੱਕ ਪਸ਼ੂ ਪ੍ਰੇਮੀ ‘ਸੰਸਥਾ ਰੱਬ ਦੇ ਜੀਅ’ ਦੀ ਪ੍ਰਧਾਨ ਮਿਨਾਕਸ਼ੀ ਮਲਿਕ ਨੇ ਇਸ ਸਬੰਧੀ ਦੱਸਿਆ ਕਿ ਉਨ੍ਹਾਂ ਨੂੰ ਕੱਲ੍ਹ ਸ਼ਾਮੀ ਇਹ ਸੂਚਨਾ ਮਿਲੀ ਸੀ ਕਿ ਭਾਗੋਮਾਜਰਾ ਸਰਪੰਚ ਕਲੋਨੀ ਵਿੱਚ ਇਹ ਘਟਨਾ ਵਾਪਰੀ ਹੈ। ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਬਚਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਉਨ੍ਹਾਂ ਵੱਲੋਂ ਇਸ ਸਬੰਧੀ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੂੰ ਵੀ ਜਾਣਕਾਰੀ ਦਿੱਤੀ ਗਈ, ਜਿਨ੍ਹਾਂ ਵੱਲੋਂ ਪ੍ਰਸ਼ਾਸਨ ਨਾਲ ਸੰਪਰਕ ਸਾਧਿਆ ਗਿਆ।
ਖਰੜ ਦੇ ਐੱਸ.ਡੀ.ਐੱਮ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਅੱਜ ਮਿਲੀ ਅਤੇ ਤੁਰੰਤ ਉਨ੍ਹਾਂ ਵੱਲੋਂ ਫਾਇਰ ਬਿਗ੍ਰੇਡ ਇੰਜਣ ਭੇਜਿਆ ਗਿਆ ਅਤੇ ਜੇ.ਸੀ.ਬੀ ਮਸ਼ੀਨ ਨਾਲ ਖੁਦਾਈ ਸ਼ੁਰੂ ਕੀਤੀ ਗਈ। ਉਨ੍ਹਾਂ ਵੱਲੋਂ ਨੈਸ਼ਨਲ ਡਿਜਾਸਟਰ ਰੈਸਕੀਊ ਫੋਰਸ ਨਾਲ ਵੀ ਸੰਪਰਕ ਕੀਤਾ ਗਿਆ।
ਇੱਕ ਟਨਲ ਰਾਹੀਂ ਇਨ੍ਹਾਂ ਕੁੱਤੇ ਦੇ ਬੱਚਿਆਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆਂ ਕਿ ਜਿਸ ਨੇ ਇਹ ਬੋਰਵੈੱਲ ਪੁੱਟਿਆ ਸੀ ਅਤੇ ਖੁੱਲ੍ਹਾ ਛੱਡਿਆ ਸੀ, ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪਸ਼ੂ ਮਾਹਿਰਾਂ ਅਨੁਸਾਰ ਧੱਫ਼ੜੀ ਰੋਗ ਤੋਂ ਪੀੜਤ ਪਸ਼ੂਆ ਨੂੰ ਕਿਵੇਂ ਬਚਾਇਆ ਜਾਵੇ,ਪੜ੍ਹੋ ਖ਼ਬਰ–