ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਾਰ-ਵਾਰ ਇਨਕਾਰ ਕਰਨ ਦੇ ਬਾਵਜੂਦ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਜਬਰਨ ਜ਼ੈੱਡ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਦੱਸ ਦੇਈਏ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਕੇਂਦਰ ਸਰਕਾਰ ਵੱਲੋਂ ਗੱਡੀ ਸਮੇਤ ਸੀ. ਆਰ. ਪੀ. ਦੇ ਪੰਜ ਜਵਾਨਾਂ ਦੀ ਟੁਕੜੀ ਦਿੱਤੀ ਗਈ ਹੈ।
ਜਥੇਦਾਰ ਦੀ ਸੁਰੱਖਿਆ ’ਚ ਕੇਂਦਰ ਵੱਲੋਂ ਤਾਇਨਾਤ ਕੀਤੀ ਜ਼ੈੱਡ ਸੁਰੱਖਿਆ ਦੀ ਪਹਿਲੀ 6 ਮੈਂਬਰੀ ਟੀਮ ਅੰਮ੍ਰਿਤਸਰ ਪਹੁੰਚ ਗਈ ਹੈ। ਇਸ ਸੁਰੱਖਿਆ ਟੀਮ ’ਚ ਇਕ ਹੈੱਡ ਕਾਂਸਟੇਬਲ, 4 ਕਾਂਸਟੇਬਲ ਤੇ ਇਕ ਡਰਾਈਵਰ ਸ਼ਾਮਿਲ ਹੈ। ਬੀਤੇ ਕੱਲ੍ਹ ਤੋਂ ਕੇਂਦਰ ਸਰਕਾਰ ਨੇ ਜਥੇਦਾਰ ਦੀ ਸੁਰੱਖਿਆ ਲਈ ਚੰਡੀਗੜ੍ਹ ਤੋਂ ਐਮਰਜੈਂਸੀ ਡਿਊਟੀ ’ਤੇ ਸੀ. ਆਰ. ਪੀ. ਐੱਫ਼. ਦੀ 220 ਬਟਾਲੀਅਨ ਦੇ ਜਵਾਨ ਭੇਜੇ ਹਨ। ਇਹ ਸੁਰੱਖਿਆ ਕਰਮਚਾਰੀ 6 ਜੂਨ ਤੋਂ ਬਾਅਦ ਵਾਪਸ ਪਰਤਣਗੇ। ਇਨ੍ਹਾਂ ਜਵਾਨਾਂ ਦੇ ਵਾਪਸ ਜਾਣ ਤੋਂ ਬਾਅਦ ਸੀ. ਆਰ. ਪੀ. ਐੱਫ਼. ਦੀ 235 ਬਟਾਲੀਅਨ ਦੇ 20 ਦੇ ਕਰੀਬ ਜਵਾਨ ਪੱਕੇ ਤੌਰ ’ਤੇ ਸਿੰਘ ਸਾਹਿਬ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਜਾਣਗੇ।