ਪੂਰੇ ਦੇਸ਼ ’ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਦਿੱਲੀ ’ਚ ਵੀ ਕੋਰੋਨਾ ਦੇ ਕੇਸ ਵੱਧ ਰਹੇ ਹਨ, ਜਿਸ ਨੂੰ ਵੇਖਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ‘ਵੀਕੈਂਡ ਕਰਫਿਊ’ ਲਾਉਣ ਦਾ ਐਲਾਨ ਕੀਤਾ ਹੈ। ਕੇਜਰੀਵਾਲ ਵਲੋਂ ਇਹ ਐਲਾਨ ਉੱਪ ਰਾਜਪਾਲ ਅਨਿਲ ਬੈਜਲ ਅਤੇ ਹੋਰ ਅਧਿਕਾਰੀਆਂ ਨਾਲ ਬੈਠਕ ਮਗਰੋਂ ਕੀਤਾ ਗਿਆ। ਇਹ ਵੀਕੈਂਡ ਕਰਫਿਊ ਸ਼ੁੱਕਰਵਾਰ ਰਾਤ 10 ਵਜੇ ਸ਼ੁਰੂ ਹੋਵੇਗਾ ਅਤੇ ਸੋਮਵਾਰ ਸਵੇਰੇ 6 ਵਜੇ ਤੱਕ ਜਾਰੀ ਰਹੇਗਾ।
ਵੀਕੈਂਡ ਕਰਫਿਊ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਜ਼ਰੂਰੀ ਸੇਵਾਵਾਂ ਨੂੰ ਖੁੱਲ੍ਹਿਆ ਰੱਖਿਆ ਜਾਵੇਗਾ। ਜਿਨ੍ਹਾਂ ਵਿਆਹਾਂ ਦੀਆਂ ਤਾਰੀਖਾਂ ਤੈਅ ਹਨ, ਉਨ੍ਹਾਂ ਨੂੰ ਕਰਫਿਊ ਪਾਸ ਦਿੱਤੇ ਜਾਣਗੇ। ਇਸ ਤੋਂ ਇਲਾਵਾ ਮਾਲਜ਼, ਜਿਮ, ਸਪਾ, ਬਾਜ਼ਾਰ ਬੰਦ ਰਹਿਣਗੇ। ਰੈਸਟੋਰੈਂਟਾਂ ’ਚ ਬੈਠ ਕੇ ਖਾਣ ਦੀ ਆਗਿਆ ਨਹੀਂ ਹੋਵੇਗੀ। ਸਿਰਫ ਰੈਸਟੋਰੈਂਟਾਂ ਤੋਂ ਹੋਮ ਡਿਲਿਵਰੀ ਕੀਤੀ ਜਾਵੇਗੀ। ਸਿਨੇਮਾ ਹਾਲ ਵੀ 30 ਫ਼ੀਸਦੀ ਦੇ ਹਿਸਾਬ ਨਾਲ ਚੱਲ ਸਕਣਗੇ।
ਕੇਜਰੀਵਾਲ ਨੇ ਅਪੀਲ ਕੀਤੀ ਹੈ ਕਿ ਲੋਕ ਵੀਕੈਂਡ ’ਚ ਘਰਾਂ ’ਚ ਹੀ ਰਹਿਣ ਦੀ ਕੋਸ਼ਿਸ਼ ਕਰਨ। ਉਨ੍ਹਾਂ ਕਿਹਾ ਕਿ 5 ਦਿਨ ਹੀ ਕੰਮ ਕਰੋ। ਪ੍ਰਾਈਵੇਟ ਦਫਤਰਾਂ ਦੇ ਕਾਮੇ ਘਰਾਂ ’ਚ ਬੈਠ ਕੇ ਹੀ ਕੰਮ ਕਰਨਗੇ।