ਪੰਜਾਬ ਸਰਕਾਰ ਸਿਹਤ ਮਾਮਲੇ ਵਿੱਚ ਹਰ ਪਾਸੇ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ। ਨਵਾਂ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਮਾਲਵੇ ਦੇ ਇੱਕੋ ਇੱਕ ਕੈਂਸਰ ਮਰੀਜ਼ਾਂ ਲਈ ਸਮਰਪਿਤ ਹਸਪਤਾਲ ਨੂੰ ਕੋਵਿਡ ਸੈਂਟਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਜਿਲ੍ਹਾ ਅਧਿਕਾਰੀਆਂ ਵੱਲੋਂ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਹਸਪਤਾਲ ਨੂੰ ਇਲਾਜ ਕਰਵਾਉਣ ਵਾਲੇ ਕੈਸਰ ਮਰੀਜ਼ਾਂ ਨੂੰ ਮਰਨ ਲਈ ਖੁੱਲ੍ਹਾ ਛੱਡ ਦਿੱਤਾ ਗਿਆ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਸ ਹਸਪਤਾਲ ਵਿੱਚ ਢਾਈ ਸੌ ਦੇ ਕਰੀਬ ਮਰੀਜ਼ ਹਰ ਰੋਜ਼ ਇਲਾਜ ਲਈ ਆਉਂਦੇ ਹਨ ਜੋ ਕਿ ਬਹੁਤ ਹੀ ਗ਼ਰੀਬ ਅਤੇ ਕਿਸਾਨੀ ਪਰਿਵਾਰਾਂ ਨਾਲ ਸਬੰਧਤ ਹੁੰਦੇ ਹਨ। ਕੈਂਸਰ ਦਾ ਪ੍ਰਾਈਵੇਟ ਇਲਾਜ ਇੰਨਾ ਮਹਿੰਗਾ ਹੈ ਕਿ ਇਨ੍ਹਾਂ ਵਾਸਤੇ ਇਲਾਜ ਕਰਵਾਉਣਾ ਸੰਭਵ ਹੀ ਨਹੀਂ ਹੈ। ਹੁਣ ਸਰਕਾਰ ਨੇ ਇਨ੍ਹਾਂ ਮਰੀਜ਼ਾਂ ਨੂੰ ਲਾਵਾਰਿਸ ਛੱਡ ਕੇ ਕੋਵਿਡ ਦਾ ਇਲਾਜ ਕਰਨ ਦੇ ਹੁਕਮ ਜਾਰੀ ਕੀਤੇ ਹਨ । ਇਸ ਹਸਪਤਾਲ ਵਿਚ ਕੀਮੋਥੈਰੇਪੀ ਰੇਡੀਓਥੈਰੇਪੀ ਅਤੇ ਸਰਜਰੀ ਵਰਗੇ ਮਹਿੰਗੇ ਇਲਾਜ ਬਹੁਤ ਘੱਟ ਰੇਟ ਤੇ ਹੁੰਦੇ ਹਨ। ਹੁਣ ਕੋਵਿਡ ਸੈਂਟਰ ਬਣਨ ਤੋਂ ਬਾਅਦ ਕੈਂਸਰ ਦੇ ਮਰੀਜ਼ਾਂ ਦਾ ਕੋਈ ਵਾਲੀ ਵਾਰਸ ਨਹੀਂ ਹੈ ਜਿਸ ਤੋਂ ਬਾਅਦ ਕੈਂਸਰ ਦੇ ਮਰੀਜ਼ਾਂ ਦੇ ਵਾਰਸਾਂ ਵਿਚ ਭਾਰੀ ਰੋਸ ਪਇਆ ਜਾ ਰਿਹਾ ਹੈ ਅਤੇ ਉਹਨਾ ਵੱਲੋਂ ਇਕ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਜਿਸ ਵਿਚ ਲਗਪਗ ਦਸ ਜਨਤਕ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਮਰੀਜ਼ਾਂ ਦੇ ਸਮਰਥਨ ਦਾ ਐਲਾਨ ਕੀਤਾ ਗਿਆ ਹੈ। ਜਿਸ ਸਬੰਧੀ ਮਰੀਜ਼ਾਂ ਦੇ ਵਾਰਸਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਵਿੱਚ ਇੱਕ ਪੱਤਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਅਤੇ ਨਾਲ ਹੀ ਅਪੀਲ ਕੀਤੀ ਗਈ ਕਿ ਉਕਤ ਕੋਵਿਡ ਸੈਂਟਰ ਕਿਸੇ ਹੋਰ ਸਥਾਨ ਉੱਪਰ ਤਬਦੀਲ ਕੀਤਾ ਜਾਵੇ ਤਾ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਜਾਰੀ ਰੱਖਿਆ ਜਾ ਸਕੇ ਤੇ ਇਸ ਦੇ ਨਾਲ ਨਾਲ ਜਥੇਬੰਦੀਆਂ ਵੱਲੋਂ ਇਹ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਅਗਰ ਅਧਿਕਾਰੀਆ ਵੱਲੋਂ ਇਸ ਜਾਇਜ਼ ਮੰਗ ਉੱਪਰ ਧਿਆਨ ਨਾ ਦਿੱਤਾ ਗਿਆ ਤਾਂ ਸਮੂਹ ਮਰੀਜ਼ਾਂ ਦੇ ਵਾਰਸਾਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਵਿੱਚ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ ਅਤੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।