ਦੇਸ਼ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਜਿਸ ਨੂੰ ਲੈ ਕੇ ਹਰ ਕੋਈ ਸਾਵਧਾਨੀ ਲਈ ਕਦਮ ਚੁੱਕ ਰਿਹਾ ਹੈ| ਜੇ ਗੱਲ ਕਰੀਏ ਪਾਸਪੋਰਟ ਦੀ ਤਾਂ ਇਸ ਨਾਲ ਹੁਣ ਕੋਰੋਨਾ ਵੈਕਸੀਨ ਦੀ ਰਿਪੋਰਟ ਲਗਦੀ ਹੈ | ਦੁਨੀਆ ਭਰ ’ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ। ਕੈਨੇਡਾ ਇਕ ਡਿਜੀਟਲ ਵੈਕਸੀਨ ਪਾਸਪੋਰਟ ਬਣਾਉਣ ਲਈ ਕੰਮ ਕਰ ਰਿਹਾ ਹੈ ਜੋ ਨਾਗਰਿਕਾਂ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇਵੇਗਾ ਅਤੇ ਇਹ ਅਗਲੇ ਕੁਝ ਮਹੀਨਿਆਂ ’ਚ ਮੁਹੱਈਆ ਹੋ ਜਾਏਗਾ। ਅਜਿਹਾ ਕੈਨੇਡਾ ਦੇ ਸਰਕਾਰੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ। ਇਸ ਤੋਂ ਪਹਿਲਾਂ ਕਿ ਪਾਸਪੋਰਟ ਬਣਾਇਆ ਜਾ ਸਕੇ, ਓਟਾਵਾ ਨੂੰ 10 ਸੂਬਿਆਂ ਅਤੇ ਤਿੰਨ ਉੱਤਰੀ ਖੇਤਰਾਂ ਨਾਲ ਇਕ ਆਮ ਦ੍ਰਿਸ਼ਟੀਕੋਣ ’ਤੇ ਸਹਿਮਤ ਹੋਣ ਦੀ ਲੋੜ ਹੈ, ਜੋ ਕੋਵਿਡ-19 ਦੇ ਖ਼ਿਲਾਫ਼ ਟੀਕਾਕਰਨ ਲਈ ਜ਼ਿੰਮੇਵਾਰ ਹਨ।
ਇਮੀਗ੍ਰੇਸ਼ਨ ਮੰਤਰੀ ਮਾਰਕੋ ਮੇਂਡੀਸਿਨੋ ਨੇ ਕਿਹਾ ਕਿ ਇਹ ਯਕੀਨੀ ਕਰਨ ਲਈ ਇਕ ਅਹਿਮ ਕਦਮ ਹੈ ਕਿ ਕੈਨੇਡਾ ਦੇ ਲੋਕਾਂ ਕੋਲ ਉਹ ਦਸਤਾਵੇਜ਼ ਹੋਣ, ਜਿਨ੍ਹਾਂ ਦੀ ਉਨ੍ਹਾਂ ਨੂੰ ਇਕ ਵਾਰ ਮੁੜ ਸੁਰੱਖਿਅਤ ਯਾਤਰਾ ਕਰਨ ਦੌਰਾਨ ਲੋੜ ਹੋਵੇਗੀ। ਯੂਰਪੀ ਸੰਘ ’ਚ ਇਕ ਵੈਕਸੀਨ ਪਾਸਪੋਰਟ ਪ੍ਰਣਾਲੀ ਹੈ ਜੋ ਲੋਕਾਂ ਨੂੰ ਖ਼ੇਤਰ ਦੇ ਅੰਦਰ ਸੁਤੰਤਰ ਤੌਰ ’ਤੇ ਯਾਤਰਾ ਕਰਨ ਦੀ ਇਜਾਜ਼ਤ ਦਿੰਦੀ ਹੈ।
ਕਈ ਹੋਰ ਦੇਸ਼ ਘਰੇਲੂ ਵਰਤੋਂ ਅਤੇ ਕੌਮਾਂਤਰੀ ਯਾਤਰਾ ਦੋਹਾਂ ਲਈ ਵੈਕਸੀਨ ਪਾਸਪੋਰਟ ’ਤੇ ਕੰਮ ਕਰ ਰਹੇ ਹਨ। ਕੈਨੇਡਾ ਕੋਲ ਦੁਨੀਆ ’ਚ ਸਭ ਤੋਂ ਚੰਗਾ ਟੀਕਾਕਰਨ ਰਿਕਾਰਡ ਹੈ। 31 ਜੁਲਾਈ ਤੱਕ 12 ਸਾਲ ਅਤੇ ਉਸ ਤੋਂ ਵੱਧ ਉਮਰ ਦੇ 81 ਫ਼ੀਸਦੀ ਲੋਕਾਂ ਨੂੰ ਪਹਿਲੀ ਡੋਜ਼ ਮਿਲੀ ਸੀ ਅਤੇ 68 ਫ਼ੀਸਦੀ ਨੂੰ ਦੋਵੇਂ ਡੋਜ਼ ਦਿੱਤੀਆਂ ਗਈਆਂ ਸਨ।