ਪੰਜਾਬ ਕਾਂਗਰਸ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਅੰਦਰੂਨੀ ਕਲੇਸ਼ ਨੂੰ ਲੈਕੇ ਸੋਨੀਆਂ ਗਾਂਧੀ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ | ਹਾਕਮ ਪਾਰਟੀ ਵਿਚ ਕੋਟਕਪੂਰਾ ਗੋਲੀ ਕਾਂਡ ਬਾਰੇ ਹਾਈ ਕੋਰਟ ਦੇ ਫ਼ੈਸਲੇ ਬਾਅਦ ਪੈਦਾ ਹੋਈਆਂ ਨਾਰਾਜ਼ਗੀਆਂ ਦੇ ਚਲਦੇ ਬਗ਼ਾਵਤੀ ਸੁਰਾਂ ਦਾ ਸੰਕਟ ਹਾਈ ਕਮਾਨ ਦੇ ਦਖ਼ਲ ਦੇ ਬਾਵਜੂਦ ਬਰਕਰਾਰ ਰਹਿਣ ਕਾਰਨ ਹੁਣ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਮਸਲੇ ਦੇ ਹੱਲ ਲਈ ਪਾਰਟੀ ਹਾਈ ਕਮਾਨ ਦੇ ਵੱਡੇ ਆਗੂਆਂ ਦੀ ਕਮੇਟੀ ਗਠਤ ਕਰ ਦਿਤੀ ਹੈ।
ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਪੈਨਲ ਵਿਚ ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਜੇਪੀ ਅਗਰਵਾਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਸ ਦੀ ਪੁਸ਼ਟੀ ਕਰਦਿਆਂ ਹਰੀਸ਼ ਰਾਵਤ ਨੇ ਕਿਹਾ ਕਿ ਪੈਨਲ ਦਾ ਉਦੇਸ਼ ਪੰਜਾਬ ਵਿੱਚ ਸਰਕਾਰ ਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਅਤੇ ਸੂਬਾਈ ਆਗੂਆਂ ਦਰਮਿਆਨ ਮੱਤਭੇਦਾਂ ਨੂੰ ਸੁਲਝਾਉਣਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਮੈਂਬਰ ਸ਼ਨਿੱਚਰਵਾਰ ਨੂੰ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਉਪਰੋਕਤ ਉਦੇਸ਼ਾਂ ਨੂੰ ਪੂਰਾ ਕਰਨ ਦੇ ਮਕਸਦ ਨਾਲ ਗੱਲਬਾਤ ਕਰਨਗੇ।