ਪਟਿਆਲਾ ਵਿਖੇ ਆਏ ਦਿਨ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਸੂਬੇ ਦੇ ਵੱਖ-ਵੱਖ ਵਰਗਾ ਦੇ ਲੋਕਾਂ ਵੱਲੋਂ ਆਪਣੀਆਂ ਮੰਗਾ ਨੂੰ ਲੈਕੇ ਪ੍ਰਦਰਸ਼ਨ ਕੀਤਾ ਜਾਂਦਾ ਹੈ | ਕਦੇ ਕਿਸਾਨ ਅਤੇ ਕਦੇ ਅਧਿਆਪਕਾ ਧਰਨਾ ਦੇ ਰਹੇ ਹੁੰਦੇ ਹਨ |ਜਿਸ ਨੂੰ ਲੈਕੇ ਭਾਰੀ ਬੈਰੀਕੇਡਿੰਗ ਕੀਤੀ ਗਈ ਹੈ | ਜਿਸ ਨੂੰ ਲੈਕੇ ‘ਨਿਊ ਮੋਤੀ ਬਾਗ ਪੈਲੇਸ’ ਦੇ ਨੇੜੇ ਰਹਿਣ ਵਾਲੇ ਲੋਕ ਬਹੁਤ ਪਰੇਸ਼ਾਨ ਹਨ |ਪੈਲੇਸ ਦੇ ਸਾਹਮਣੇ ਤੇ ਸੱਜੇ ਪਾਸੇ ਸੜਕ ਨੂੰ ਦੋਵੇਂ ਪਾਸਿਓਂ ਬੈਰੀਕੇਡਿੰਗ ਜ਼ਰੀਏ ਬੰਦ ਕਰ ਦਿੱਤਾ ਗਿਆ ਹੈ। ਗਆਂਢੀਆਂ ਨੂੰ ਨਿੱਤ ਆਉਣ-ਜਾਣ ਲਈ ਵਲ-ਵਲੇਵੇਂ ਪਾ ਕੇ ਘਰ ਪੁੱਜਣਾ ਪੈਂਦਾ ਹੈ। ਸੜਕਾਂ ਬੰਦ ਕਰਨ ਕਾਰਨ ਇਤਿਹਾਸਕ ਗੁਰਦੁਆਰਾ ਮੋਤੀ ਬਾਗ ਸਾਹਿਬ ਨੂੰ ਜਾਣ ਵਾਲੀ ਸੰਗਤ ਪ੍ਰੇਸ਼ਾਨ। ਨਿਊ ਮੋਤੀ ਬਾਗ ਪੈਲੇਸ ਦੇ ਸਾਹਮਣੇ ਪੈਂਦੀ ਸੜਕ ਨੂੰ ਵਾਈਪੀਐੱਸ ਚੌਕ ਤੋਂ ਲੈ ਕੇ ਸਰਕਾਰੀ ਆਯੁਰਵੈਦਿਕ ਕਾਲਜ ਵੱਲ ਪੈਂਦੇ ਚੌਕ ਤੱਕ ਬੈਰੀਕੇਡਿੰਗ ਜਰੀਏ ਡੇਢ ਮਹੀਨੇ ਤੋਂ ਬਿਲਕੁਲ ਬੰਦ ਕੀਤਾ ਹੋਇਆ ਹੈ। ਪ੍ਰਸ਼ਾਸਨ ਵੱਲੋਂ ਭਾਵੇਂ ਅਜਿਹਾ ਪੈਲੇਸ ਦੀ ਸੁਰਖਿਆ ਲਈ ਕੀਤਾ ਗਿਆ ਹੈ ਪਰ ਇਲਾਕੇ ਵਿੱਚ ਰਹਿ ਰਹੇ ਲੋਕਾਂ ਲਈ ਵੱਡੀ ਮੁਸੀਬਤ ਬਣ ਗਈ ਹੈ। ਨੇੜਲੀਆਂ ਕਈ ਹੋਰ ਕਲੋਨੀਆਂ ਦੇ ਲੋਕਾਂ ਨੂੰ ਵੀ ਘਰੋਂ ਬਾਹਰ ਜਾਣ ਜਾਂ ਪਰਤਣ ਲਈ ਬਦਲਵੇਂ ਰਾਹਾਂ ਨੂੰ ਚੁਣਨਾ ਪੈ ਰਿਹਾ ਹੈ। ਸੜਕ ’ਤੇ ਬੇਰੀਕੇਡ ਲਾਉਣ ਕਾਰਨ ਪੈਲੇਸ ਨੇੜਲੀਆਂ ਕਈ ਕਲੋਨੀਆਂ ’ਚ ਸਬਜ਼ੀ ਦੀਆਂ ਰੇਹੜੀਆਂ ਵਾਲੇ ਵੀ ਜਾਣ ਤੋਂ ਕਤਰਾਉਂਦੇ ਹਨ। ਇਸ ਤੋਂ ਇਲਾਵਾ ਨਿੱਤ ਵਰਤੋਂ ਦੀਆਂ ਵਸਤਾਂ ਵੇਚਣ ਵਾਲੇ ਵੀ ਇਲਾਕੇ ਤੋਂ ਮੂੰਹ ਫੇਰ ਚੁੱਕੇ ਹਨ। ਇਸ ਇਲਾਕੇ ਵਿੱਚ ਡਾਕਟਰ ਵੀ ਹਨ ਤੇ ਉਨ੍ਹਾਂ ਦੇ ਮਰੀਜ਼ਾਂ ਲਈ ਆਉਣ-ਜਾਣ ਲਈ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੀ ਗੱਲ ਗੁਰਦੁਆਰਾ ਮੋਤੀ ਬਾਗ ਸਾਹਿਬ ਨੂੰ ਜਾਣ ਵਾਲੀ ਸੰਗਤ ਨੂੰ ਵੀ ਵਲ ਵਲੇਵਿਆਂ ਦੀ ਮਾਰ ਸਹਿਣੀ ਪੈ ਰਹੀ ਹੈ। ਵਾਈਪੀਐੱਸ ਚੌਕ ਤੋਂ ਪੈਲੇਸ ਵੱਲ ਜਾਂਦੀ ਸੜਕ ਨੂੰ ਤਾਂ ਹੁਣ ਬਿਲਕੁਲ ਸੀਲ ਕੀਤਾ ਹੋਇਆ ਹੈ। ਸੜਕ ’ਤੇ ਹੁਣ ਪੈਦਲ ਜਾਣ ਵਾਲਿਆਂ ਨੂੰ ਵੀ ਮਨਾਹੀ ਹੈ।
ਇਥੇ ਐਨੀ ਬੈਰੀਕੇਡਿੰਗ ਕੀਤੀ ਹੋਈ ਹੈ ਕਿ ਕਈ ਵਾਰ ਇੰਝ ਲੱਗਦਾ ਹੈ ਕਿ ਜਿਵੇਂ ਇਹ ਦੇਸ਼ ਦੀ ਸਰਹੱਦ ਹੋਵੇ। ਵੱਡੀ ਗੱਲ ਇਹ ਹੈ ਕਿ ਪੈਲੇਸ ’ਚ ਨਾ ਮੁੱਖ ਮੰਤਰੀ ਅਮਰਰਿੰਦਰ ਸਿੰਘ ਰਹਿ ਰਹੇ ਹਨ ਤੇ ਪਰਿਵਾਰਕ ਮੈਂਬਰ ਵੀ ਕਦੇ ਕਦਾਈਂ ਹੀ ਠਹਿਰਦੇ ਹਨ। ਫਿਰ ਵੀ ਪੈਲੇਸ ਦੀ ਪਹਿਰੇਦਾਰੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਗਆਂਢੀਆਂ ਦਾ ਕਹਿਣਾ ਹੈ ਕਿ ਪ੍ਰਦਰਸ਼ਨਾਂ ਤੇ ਧਰਨਿਆਂ ਕਾਰਨ ਪੁਲਿਸ ਪੈਲੇਸ ਸਾਹਮਣੇ ਪੈਂਦੀਆਂ ਸੜਕਾਂ ਨੂੰ ਬੰਦ ਕਰ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਆਪਣੇ ਘਰ ਵੀ ਦੁਰਾਡੇ ਜਾਪਣ ਲੱਗੇ ਹਨ। ਐੱਸਡੀਐੱਮ ਪਟਿਆਲਾ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਪੈਲੇਸ ਹੁੰਦੇ ਨਿੱਤ ਦੇ ਪ੍ਰਦਰਸ਼ਨਾਂ ਕਾਰਨ ਸੁਰੱਖਿਆ ਪੱਖ ਤੋਂ ਕੁਝ ਸੜਕਾਂ ਨੂੰ ਬੰਦ ਰੱਖਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।