ਚੰਡੀਗੜ੍ਹ– ਪੰਜਾਬ ਕਾਂਗਰਸ ਦੇ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖ਼ਿਲਾਫ਼ ਬੇਅਦਬੀ ਮਾਮਲਿਆਂ ਨੂੰ ਲੈ ਕੇ ਬਗਾਵਤ ਦੀ ਅੱਗ ਭੱਖਣੀ ਸ਼ੁਰੂ ਹੋ ਗਈ ਹੈ। ਬੇਅਦਬੀ ਦੇ ਮੁੱਦੇ ’ਤੇ ਸਭ ਤੋਂ ਵੱਧ ਤਤਕਾਲੀ ਅਕਾਲੀਆਂ ਦੀ ਸਰਕਾਰ ਦੇ ਆਗੂਆਂ ਖ਼ਿਲਾਫ਼ ਝੰਡਾ ਬੁਲੰਦ ਕਰਨ ਵਾਲੇ ਮੰਤਰੀਆਂ ਵੱਲੋਂ ਪੰਚਕੂਲਾ ਵਿਖੇ ਗੁਪਤ ਮੀਟਿੰਗ ਕੀਤੇ ਜਾਣ ਦੀ ਚਰਚਾ ਹੈ। ਦੱਸਿਆ ਜਾਂਦਾ ਹੈ ਕਿ ਇਸ ਮੀਟਿੰਗ ’ਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਹੋਰ ਵਿਧਾਇਕਾਂ ਵਿਚ ਫਤਿਹ ਸਿੰਘ ਬਾਜਵਾ,ਕੁਸ਼ਲਦੀਪ ਸਿੰਘ ਢਿੱਲੋਂ, ਬਲਵਿੰਦਰ ਲਾਡੀ ਅਤੇ ਬਰਿੰਦਰਜੀਤ ਸਿੰਘ ਸ਼ਾਮਲ ਹੋਏ। ਇਹ ਵੀ ਚਰਚਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਵਿਧਾਇਕ ਵੱਖ-ਵੱਖ ਗਰੁੱਪਾਂ ’ਚ ਮੀਟਿੰਗਾਂ ਕਰ ਰਹੇ ਹਨ।
ਉਥੇ ਹੀ ਬੈਠਕ ’ਚ ਸ਼ਾਮਲ ਹੋਣ ਤੋਂ ਇਨਕਾਰ ਕਰਦੇ ਹੋਏ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਜੇ ਕੋਈ ਇਸ ਕਤਲੇਆਮ ਅਤੇ ਪੁਲਸ ਫਾਇਰਿੰਗ ਦੇ ਮਾਮਲਿਆਂ ਨੂੰ ਹੱਲ ਕਰਨ ’ਚ ਦਿਲਚਸਪੀ ਰੱਖਦਾ ਹੈ ਤਾਂ ਉਹ ਜ਼ਰੂਰ ਜਾਣਗੇ। ਮੇਰੇ ਲਈ ਪਵਿੱਤਰ ਗ੍ਰੰਥ ਦਾ ਸਤਿਕਾਰ ਸਭ ਤੋਂ ਉੱਪਰ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁਲਾਕਾਤ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਨ ਲਈ ਪਟਿਆਲਾ ਗਏ ਸਨ ਪਰ ਬਾਅਦ ’ਚ ਸੁਖਜਿੰਦਰ ਸਿੰਘ ਰੰਧਾਵਾ ਨੇ ਮੁਲਾਕਾਤ ਕੀਤੀ।
ਉਥੇ ਹੀ ਕਾਂਗਰਸ ਪਾਰਟੀ ਨੂੰ ਛੱਡਣ ਦੀਆਂ ਬੀਤੇ ਦਿਨਾਂ ਤੋਂ ਲਗਾਈਆਂ ਜਾ ਰਹੀਆਂ ਕਿਆਸਕਾਰੀਆਂ ਨੂੰ ਲੈ ਕੇ ਸਿੱਧੂ ਨੇ ਪਾਰਟੀ ਦੇ ਆਗੂਆਂ ਨੂੰ ਦੱਸਿਆ ਹੈ ਕਿ ਉਹ ਗਾਂਧੀ ਪਰਿਵਾਰ ਪ੍ਰਤੀ ਵਚਨਬੱਧ ਹਨ ਅਤੇ ਪਾਰਟੀ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਛੱਡਣਗੇ। ਉਥੇ ਹੀ ਇਕ ਵਿਧਾਇਕ ਨੇ ਕਿਹਾ ਕਿ ਇਹ ਮੁੱਦਾ ਕਿਤੇ ਨਿਸ਼ਾਨਾ ਬਣਾਉਣ ਦਾ ਨਹੀਂ ਹੈ ਸਗੋਂ ਸਰਕਾਰ ’ਤੇ ਵਾਅਦਾਖ਼ਿਲਾਫੀ ਕਰਨ ਅਤੇ ਅਕਾਲੀਆਂ ਦੇ ਨਾਲ ਦੋਸਤਾਨਾ ਮੈਚ ਦੀ ਕਹਾਣੀ ਨੂੰ ਤੋੜਨ ਦਾ ਹੈ।