ਕੋਰੋਨਾ ਮਹਾਮਾਰੀ ਦੌਰਾਨ ਬ੍ਰਿਟੇਨ ਨੇ ਭਾਰਤੀ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ | ਬ੍ਰਿਟੇਨ ਨੇ ਭਾਰਤ ਨੂੰ ਕੋਵਿਡ ਦੀ ‘ਰੈੱਡ’ ਸੂਚੀ ਵਿੱਚੋਂ ਬਾਹਰ ਕੱਢ ਦਿੱਤਾ ਹੈ। ਇਸ ਤਰ੍ਹਾਂ ਜਿਨ੍ਹਾਂ ਭਾਰਤੀ ਨਾਗਰਿਕਾਂ ਨੇ ਆਪਣੇ ਦੇਸ਼ ਵਿੱਚ ਕੋਵਿਡ ਟੀਕਾਕਰਨ ਕਰਵਾਇਆ ਹੋਇਆ ਹੈ, ਉਹ ਬ੍ਰਿਟੇਨ ਆ ਸਕਦੇ ਹਨ ਤੇ ਉਨ੍ਹਾਂ ਨੂੰ ਸਰਕਾਰੀ ਹਦਾਇਤਾਂ ਅਨੁਸਾਰ 10 ਦਿਨਾਂ ਵਾਸਤੇ ਹੋਟਲ ਵਿੱਚ ਕੁਆਰਟਾਈਨ ਨਹੀਂ ਹੋਣਾ ਪਏਗਾ। ਬ੍ਰਿਟੇਨ ਦੇ ਸਿਹਤ ਤੇ ਸੋਸ਼ਲ ਕੇਅਰ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਤੋਂ ਕੋਵਿਡ ਰੋਕੂ ਟੀਕਾ ਲਗਵਾ ਕੇ ਬ੍ਰਿਟੇਨ ਆਏ ਯਾਤਰੀਆਂ ਨੂੰ ਹੋਟਲਾਂ ਦੀ ਥਾਂ ਆਪਣੇ ਘਰਾਂ ਜਾਂ ਟਰੈੱਵਲ ਫਾਰਮ ਵਿੱਚ ਦਿੱਤੀ ਗਈ ਨਿਰਧਾਰਤ ਥਾਂ ’ਤੇ ਹੀ 10 ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣਾ ਪਏਗਾ। ਇਸ ਤਰ੍ਹਾਂ ਉਨ੍ਹਾਂ ਨੂੰ ਹੋਟਲਾਂ ਵਿੱਚ ਕੁਆਰਨਟਾਈਨ ਹੋਣ ਲਈ 1750 ਪਾਊਂਡ ਪ੍ਰਤੀ ਵਿਅਕਤੀ ਦਾ ਖਰਚਾ ਨਹੀਂ ਕਰਨਾ ਪਏਗਾ। ਇਸੇ ਦੌਰਾਨ ਹਦਾਇਤ ਦਿੱਤੀ ਗਈ ਹੈ ਕਿ ਯਾਤਰੀਆਂ ਨੇ ਜਹਾਜ਼ ਚੜ੍ਹਨ ਤੋਂ ਤਿੰਨ ਦਿਨ ਪਹਿਲਾਂ ਕੋਵਿਡ ਟੈਸਟ ਜ਼ਰੂਰ ਕਰਵਾਇਆ ਹੋਵੇ ਤੇ ਰਿਪੋਰਟ ਨੈਗੇਟਿਵ ਹੋਵੇ ਅਤੇ ਇੰਗਲੈਂਡ ਪਹੁੰਚਣ ’ਤੇ ਦੋ ਕੋਵਿਡ ਟੈਸਟਾਂ ਲਈ ਪਹਿਲਾਂ ਤੋਂ ਹੀ ਬੁਕਿੰਗ ਕਰਵਾਈ ਹੋਵੇ।