ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦਾ ਟਵਿਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ।ਟਵਿਟਰ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਕਾਰਨ ਟਵਿੱਟਰ ਨੇ ਇਹ ਵੱਡਾ ਕਦਮ ਚੁੱਕਿਆ। ਹਾਲਾਂਕਿ ਕੰਗਣਾ ਰਣੌਤ ਦਾ ਟਵਿਟਰ ਅਕਾਊਂਟ ਬੈਨ ਕਰਨ ਦੀ ਮੰਗ ਪਿਛਲੇ ਲੰਮੇ ਸਮੇਂ ਤੋਂ ਸੋਸ਼ਲ ਮੀਡੀਆ ਯੂਜ਼ਰਜ਼ ਵਲੋਂ ਕੀਤੀ ਜਾ ਚੁੱਕੀ ਹੈ। ਇਸ ਦਾ ਕਾਰਨ ਇਹ ਹੈ ਕਿ ਕੰਗਣਾ ਤੱਥਾਂ ਤੋਂ ਬਿਨਾਂ ਬੇਤੁਕੀ ਬਿਆਨਬਾਜ਼ੀ ਕਰਦੀ ਰਹਿੰਦੀ ਸੀ। ਕੰਗਣਾ ਇਨ੍ਹੀਂ ਦਿਨੀਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪਿੱਛੇ ਪਈ ਹੋਈ ਸੀ। ਉਹ ਟਵਿੱਟਰ ‘ਤੇ ਕਦੇ ਮਮਤਾ ਬੈਨਰਜੀ ਦੇ ਖ਼ਿਲਾਫ਼ ਬੋਲਦੀ ਦੇਖੀ ਗਈ ਤਾਂ ਕਦੇ ਬੰਗਾਲ ’ਚ ਵਾਪਰੀ ਹਿੰਸਾ ਨੂੰ ਲੈ ਕੇ ਮਮਤਾ ਬੈਨਰਜੀ ਨੂੰ ਜ਼ਿੰਮੇਵਾਰ ਦੱਸਦੀ ਰਹੀ।
ਹਾਲਾਂਕਿ ਕੰਗਣਾ ਰਣੌਤ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕਰਦੀ ਰਹਿੰਦੀ ਹੈ ਤੇ ਜੇਕਰ ਕੋਈ ਮੋਦੀ ਦੇ ਖ਼ਿਲਾਫ਼ ਬੋਲਦਾ ਹੈ ਤਾਂ ਉਸ ਨਾਲ ਪੰਗਾ ਲੈ ਬੈਠਦੀ ਹੈ। ਪੰਜਾਬੀ ਕਲਾਕਾਰਾਂ ਨਾਲ ਵੀ ਕੰਗਣਾ ਕਈ ਵਾਰ ਪੰਗਾ ਲੈ ਚੁੱਕੀ ਹੈ। ਕਿਸਾਨਾਂ ਖਿਲਾਫ ਗਲਤ ਟਿੱਪਣੀਆ ਕਰਨ ਤੋਂ ਬਾਅਦ ਦਿਲਜੀਤ ਦੋਸਾਂਝ ਨਾਲ ਉਸ ਦਾ ਵਿਵਾਦ ਚਰਚਾ ’ਚ ਰਿਹਾ ਸੀ। ਦਿਲਜੀਤ ਨਾਲ ਵਿਵਾਦ ’ਤੇ ਕੰਗਨਾ ਨੇ ਸਮਰਥਨ ਕਰ ਰਹੇ ਕਿਸਾਨਾਂ ਨੂੰ ਅੱਤਵਾਦੀ ਦੱਸਿਆ ਸੀ।ਜਿਸ ਤੋਂ ਬਾਅਦ ਦਿਲਜੀਤ ਨੇ ਕੰਗਨਾ ਨੂੰ ਰੱਜ ਕੇ ਭੰਡਿਆ ਸੀ।