ਖੰਨਾ ਪੁੱਜੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਪੰਜਾਬ ਦੀ ਸਿਆਸਤ ਉੱਪਰ ਟਿੱਪਣੀ ਕਰਦੇ ਹੋਏ ਕਿਹਾ ਕਿ ਕੈਪਟਨ ਚਾਹੇ ਭਾਜਪਾ ਚ ਚਲੇ ਜਾਣ ਪ੍ਰੰਤੂ ਉਹ ਕਾਲੇ ਕਾਨੂੰਨ ਰੱਦ ਨਹੀਂ ਕਰਾ ਸਕਦੇ। ਉਹਨਾਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤਕੜੇ ਹੋ ਕੇ ਆਪਣੀ ਤਾਕਤ ਦਿਖਾਉਣ ਅਤੇ ਰਵਾਇਤੀ ਪਾਰਟੀਆਂ ਅਤੇ ਇਹਨਾਂ ਦੇ ਚਿਹਰਿਆਂ ਨੂੰ ਨਕਾਰਨ।
ਖੰਨਾ ਰੇਲਵੇ ਸਟੇਸ਼ਨ ਉੱਪਰ ਲਗਾਤਾਰ ਜਾਰੀ ਕਿਸਾਨਾਂ ਦੇ ਧਰਨੇ ਚ ਭਾਗ ਲੈਣ ਪੁੱਜੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਭਾਜਪਾ ਚ ਚਲੇ ਵੀ ਜਾਂਦੇ ਹਨ ਤਾਂ ਉਹਨਾਂ ਦਾ ਸਮਰਥਨ ਕਰਨਾ ਹੈ ਜਾਂ ਨਹੀਂ ਇਹ ਫੈਸਲਾ ਸੰਯੁਕਤ ਕਿਸਾਨ ਮੋਰਚੇ ਅੰਦਰ ਪੰਜਾਬ ਦੇ ਕਿਸਾਨ ਆਗੂਆਂ ਨੇ ਕਰਨਾ ਹੈ। ਉਹਨਾਂ ਕਿਹਾ ਕਿ ਕਿਸਾਨ ਮੋਰਚੇ ਮਗਰੋਂ ਭਾਜਪਾ ਦਾ ਗ੍ਰਾਫ 66 ਤੋਂ 22 ਫੀਸਦੀ ਰਹਿ ਗਿਆ ਹੈ। ਹੁਣ ਲੜਾਈ ਅੰਤਿਮ ਪੜਾਅ ਚ ਹੈ। ਉਹਨਾਂ ਇਹ ਵੀ ਕਿਹਾ ਕਿ ਭਾਵੇਂ ਕਾਂਗਰਸ ਪੰਜਾਬ ਅੰਦਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦੇਣ ਇਹ ਸਾਰੇ ਕਿਸਾਨਾਂ ਦੇ ਹਿੱਤ ਚ ਨਹੀਂ ਹਨ। ਚਿਹਰਾ ਬਦਲ ਕੇ ਰਵਾਇਤੀ ਪਾਰਟੀਆਂ ਨੂੰ ਵੋਟ ਨਹੀਂ ਪੈਣੀ। ਕਿਸਾਨਾਂ ਨੂੰ ਸੱਤਾ ਆਪਣੇ ਹੱਥਾਂ ਚ ਲੈਣੀ ਪੈਣੀ ਹੈ।