ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਮੰਤਰੀ ਚਰਨਜੀਤ ਸਿੰਘ ਚੰਨੀ ਮਾਮਲੇ ‘ਚ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਜਵਾਬ ਦੇਣ ਦਾ ਭਰੋਸਾ ਦਿੱਤਾ ਹੈ।ਗੁਲਾਟੀ ਨੇ ਕਿਹਾ ਮੁੱਖ ਮੰਤਰੀ ਪੰਜਾਬ ਨੇ ਫੋਨ ਕਰਕੇ ਇਸ ਮਾਮਲੇ ਵਿੱਚ ਜਵਾਬ ਦੇਣ ਦਾ ਭਰੋਸਾ ਦਿੱਤਾ ਹੈ ਤੇ ਉਹ ਜਵਾਬ ਮਿਲਣ ਮਗਰੋਂ ਹੀ ਅਗਲੇ ਕਦਮ ਬਾਰੇ ਦੱਸੇਗੀ। ਉਨ੍ਹਾਂ ਕਿਹਾ ਕਿ “ਸਾਡੇ ਦੇਸ਼ ਦੀ ਜਨਤਾ ਸੋਸ਼ਲ ਮੀਡੀਆ ਤੇ ਮੇਰੀਆਂ ਫੋਟੋਆਂ ਪਾ ਕੇ ਮੈਨੂੰ ਟ੍ਰੋਲ ਕਰ ਰਹੀ ਹੈ। ਮੈਂ ਇਨ੍ਹਾਂ ਨੂੰ ਸਲੂਟ ਕਰਦੀ ਹਾਂ। ਮੈਂ ਚਾਹਾਂ ਤਾਂ ਇਨ੍ਹਾਂ ਤੇ ਕਾਰਵਾਈ ਕਰ ਸਕਦੀ ਹਾਂ ਪਰ ਨਹੀਂ ਮੈਂ ਇਨ੍ਹਾਂ ਨੂੰ ਸਲੂਟ ਕਰਦੀ ਹਾਂ।”ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਕਿਹਾ “ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੰਤਰੀ ਚਰਨਜੀਤ ਸਿੰਘ ਚੰਨੀ ਵਾਲੇ ਮਾਮਲੇ ਤੇ ਅੱਜ ਸ਼ਾਮ ਤੱਕ ਜਵਾਬ ਦੇਣਗੇ। ਸਾਡੇ ਹਿੰਦੋਸਤਾਨ ਦਾ ਕਾਨੂੰਨ ਲਚੀਲਾ ਜ਼ਰੂਰ ਹੈ ਪਰ ਖੋਖਲਾ ਨਹੀਂ।”
ਉਨ੍ਹਾਂ ਅੱਗੇ ਕਿਹਾ ਕਿ, “ਮੈਂ ਮੁੱਖ ਮੰਤਰੀ ਸਾਹਿਬ ਨੂੰ ਮਿਲ ਸਕਦੀ ਹਾਂ। ਮੈਨੂੰ ਕੋਈ ਨਹੀਂ ਰੋਕ ਸਕਦਾ ਪਰ ਹੁਣ ਮੈਂ ਕੋਵਿਡ ਦੇ ਹਾਲਾਤ ਨੂੰ ਦੇਖਦੇ ਹੋਏ ਨਹੀਂ ਜਾ ਰਹੀ। ਸ਼ਾਇਦ ਹੀ ਪੰਜਾਬ ਵਿੱਚ ਕੋਈ ਅਜਿਹੀ ਵਾਰਦਾਤ ਹੋਈ ਹੋਵੇਗੀ ਜਦੋਂ ਅਸੀਂ ਪੁਲਿਸ ਕੋਲੋਂ ਰਿਪੋਰਟ ਨਾ ਮੰਗੀ ਹੋਵੇ। ਕੋਈ ਵੀ ਕੇਸ ਕਮਿਸ਼ਨ ਦੇ ਹੱਥੋਂ ਛੁੱਟ ਕੇ ਨਹੀਂ ਗਿਆ। ਸਾਡਾ ਕੰਮ ਇਨਸਾਫ ਦਿਵਾਉਣਾ ਹੈ। ਜਾਂਚ ਕਰਨਾ ਪੁਲਿਸ ਦਾ ਕੰਮ ਹੈ। ਸਰਕਾਰ ਤੋਂ ਵੀ ਜਵਾਬ ਮੰਗਦੇ ਹਾਂ। ਸਾਡਾ ਸਿਸਟਮ ਕਮਜ਼ੋਰ ਹੈ, ਪਰ ਆਉਣ ਵਾਲੇ ਸਮੇਂ ਵਿੱਚ ਸਾਡਾ ਸਿਸਟਮ ਮਜ਼ਬੂਤ ਹੋ ਜਾਏਗਾ।”ਮਨੀਸ਼ਾ ਗੁਲਾਟੀ ਨੇ ਮੰਤਰੀ ਚਰਨਜੀਤ ਚੰਨੀ ਵੱਲੋਂ ਮਹਿਲਾ ਆਈਏਐਸ ਅਫ਼ਸਰ ਨੂੰ ਗਲਤ ਮੈਸੇਜ ਕੀਤੇ ਜਾਣ ਦੇ ਮਾਮਲੇ ਵਿੱਚ ਸੂ ਮੋਟੋ ਨੋਟਿਸ ਲਿਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ, ਪਰ ਪੰਜਾਬ ਸਰਕਾਰ ਵੱਲੋਂ 3 ਸਾਲ ਬਾਅਦ ਵੀ ਜਵਾਬ ਨਹੀਂ ਮਿਲਿਆ ਸੀ। ਮਨੀਸ਼ਾ ਗੁਲਾਟੀ ਨੇ ਕਿਹਾ ਸੀ ਕਿ ਜੇ ਪੰਜਾਬ ਸਰਕਾਰ ਨੇ ਜਵਾਬ ਨਾ ਦਿੱਤਾ ਤਾਂ ਉਹ ਆਪਣੀ ਟੀਮ ਸਮੇਤ ਭੁੱਖ ਹੜਤਾਲ ਤੇ ਬੈਠ ਜਾਏਗੀ।