ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਭਵਾਨੀਪੁਰ ਦੰਗਲ ਜਿੱਤ ਕੇ ਆਪਣੀ ਰਾਸ਼ਟਰੀ ਛਵੀ ਨੂੰ ਮਜ਼ਬੂਤ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ। ‘ਦੀਦੀ’ ਨੂੰ ਰਾਜਨੀਤਿਕ ਮਾਹਿਰਾਂ ਦੁਆਰਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੇ ਉਮੀਦਵਾਰ ਦੇ ਦਾਅਵੇਦਾਰ ਵਜੋਂ ਵੇਖਿਆ ਜਾ ਰਿਹਾ ਹੈ। ਇਸ ਦੌਰਾਨ ਮਮਤਾ ਬੈਨਰਜੀ ਦੀ ਚਿੱਟੀ ਸਾੜ੍ਹੀ, ਹਵਾਈ ਚੱਪਲ ਅਤੇ ਸਾਦਗੀ ਦੀ ਮਿਸਾਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਆਓ ਜਾਣਦੇ ਹਾਂ ਮਮਤਾ ਦੀਦੀ ਦੀ ਚਿੱਟੀ ਸਾੜੀ ਪਾਉਣ ਦੇ ਕੀ ਕਾਰਨ ਨੇ?
ਰੰਗੀਨ ਕਿਨਾਰਿਆ ਵਾਲੀ ਚਿੱਟੇ ਰੰਗ ਦੀ ਸਾੜ੍ਹੀ ਅਤੇ ਹਵਾਈ ਚੱਪਲ ਪਾਏ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜਨਤਾ ‘ਚ ਲੋਕਪ੍ਰਿਅ ਦੀਦੀ ਬਣ ਗਈ ਹੈ। ਮਮਤਾ ਬੈਨਰਜੀ ਰੈਲੀਆਂ ‘ਚ ਸਭ ਤੋਂ ਤੇਜ਼ ਅਤੇ ਸਿੱਧੇ ਕਦਮਾਂ ਨਾਲ ਚਲਦੀ ਹੋਈ ਬੇਹੱਦ ਆਤਮਵਿਸ਼ਵਾਸੀ, ਉਤਸ਼ਾਹੀ ਅਤੇ ਮਜਬੂਤ ਇਰਾਦਿਆਂ ਵਾਲੀ ਨਜ਼ਰ ਆਉਂਦੀ ਹੈ। ਉਨ੍ਹਾਂ ਦੀ ਸਾਦਗੀ ਹੀ ਉਨ੍ਹਾਂ ਨੂੰ ਭੀੜ ਤੋਂ ਵੱਖਰਾ ਬਣਾਉਂਦੀ ਹੈ। ਆਪਣੀ ਸਾਦਗੀ ਦੇ ਕਾਰਨ, ਮਮਤਾ ਬੈਨਰਜੀ ਬੰਗਾਲ ਦੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੀ ਹੈ। ਇਸ ਦੌਰਾਨ, ਬਹੁਤ ਸਾਰੇ ਲੋਕ ਹਨ ਜੋ ਜਾਣਨਾ ਚਾਹੁੰਦੇ ਹਨ ਕਿ ਮਮਤਾ ਹਮੇਸ਼ਾਂ ਚਿੱਟੀ ਸੂਤੀ ਸਾੜ੍ਹੀ ਹੀ ਕਿਉਂ ਪਾਉਂਦੀ ਹੈ?
ਫੈਸ਼ਨ ਡਿਜ਼ਾਈਨਰ ਸ਼ਰੂਤੀ ਸੰਚੇਤੀ ਦਾ ਕਹਿਣਾ ਹੈ ਕਿ ਭਾਰਤੀ ਔਰਤਾਂ ਸਾੜੀਆਂ ਵਿੱਚ ਬਹੁਤ ਹੀ ਸੁੰਦਰ ਅਤੇ ਸ਼ਾਨਦਾਰ ਦਿਖਦੀਆਂ ਨੇ, ਮੌਕਾ ਭਾਵੇਂ ਅੰਤਰਰਾਸ਼ਟਰੀ ਕਾਨਫਰੰਸ ਦਾ ਹੋਵੇ ਜਾਂ ਦਫ਼ਤਰ ਦੀ ਮੀਟਿੰਗ, ਕੰਮਕਾਜੀ ਔਰਤਾ ਸਾੜ੍ਹੀਆਂ ਨੂੰ ਤਰਜੀਹ ਦਿੰਦੀਆਂ ਹਨ ਕਿਉਂਕਿ ਸਾੜ੍ਹੀਆਂ ਹਮੇਸ਼ਾਂ ਖੂਬਸੂਰਤ ਲੱਗਦੀਆਂ ਨੇ। ਦੂਜੇ ਪਾਸੇ, ਪੱਛਮੀ ਬੰਗਾਲ ‘ਚ ਢਾਕਾਈ ਅਤੇ ਸੂਤੀ ਸਾੜੀਆਂ ਖੁਬ ਪਾਈਆਂ ਜਾਂਦੀਆਂ ਨੇ। ਉੱਥੋਂ ਦੀਆਂ ਜ਼ਿਆਦਾਤਰ ਔਰਤਾਂ ਕਿਸੇ ਹੋਰ ਪਹਿਰਾਵੇ ਦੀ ਬਜਾਏ ਸਾੜ੍ਹੀ ਪਹਿਨਣਾ ਪਸੰਦ ਕਰਦੀਆਂ ਨੇ।
ਸ਼ਰੂਤੀ ਸੰਚੇਤੀ ਅਨੁਸਾਰ ਜੇਕਰ ਅਸੀਂ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸਾੜ੍ਹੀ ਦੀ ਗੱਲ ਕਰੀਏ ਤਾਂ ਬੰਗਾਲ ਵਿੱਚ ਔਰਤਾਂ ਨੂੰ ਦੇਵੀ ਮੰਨਿਆ ਜਾਂਦਾ ਹੈ। ਮਮਤਾ ਨੇ 40 ਸਾਲਾਂ ਤੋਂ ਵੱਧ ਸਮੇਂ ਤੋਂ ਰਾਜਨੀਤੀ ‘ਤੇ ਦਬਦਬਾ ਬਣਾਇਆ ਹੋਇਆ ਹੈ। ਬੰਗਾਲ ਦੇ ਲੋਕ ਮਮਤਾ ਦੀਦੀ ਦਾ ਬਹੁਤ ਆਦਰ ਕਰਦੇ ਹਨ।ਸ਼ਰੂਤੀ ਸੰਚੇਤੀ ਦਾ ਕਹਿਣਾ ਹੈ ਕਿ ਇਹ ਬਿਲਕੁਲ ਇਸੇ ਤਰ੍ਹਾਂ ਹੈ, ਲੋਕ ਆਪਣੇ ਦਿਮਾਗ ਵਿੱਚ ਰੱਬ ਦਾ ਚਿੱਤਰ ਬਣਾਉਂਦੇ ਹਨ, ਜਿਸਨੂੰ ਉਹ ਬਾਰ ਬਾਰ ਬਦਲਣਾ ਪਸੰਦ ਨਹੀਂ ਕਰਦ॥ ਲੋਕ ਰੱਬ ਨੂੰ ਇਸੇ ਤਰ੍ਹਾਂ ਯਾਦ ਕਰਦੇ ਹਨ। ਮਮਤਾ ਨੇ ਆਪਣੀ ਚਿੱਟੀ ਸਾੜੀ ਅਤੇ ਹਵਾਈ ਚੱਪਲ ਨਾਲ ਲੋਕਾਂ ਦੇ ਦਿਲਾਂ ਵਿੱਚ ਇੱਕ ਅਕਸ ਵੀ ਬਣਾਇਆ ਹੈ, ਜਿਸ ਨੂੰ ਉਹ ਬਦਲਣਾ ਨਹੀਂ ਚਾਹੁੰਦੀ। ਰਾਜਨੀਤੀ ਵਿੱਚ ਪਹਿਰਾਵਾ ਕਿਸੇ ਵੀ ਵਿਅਕਤੀ ਦੀ ਵਿਸ਼ੇਸ਼ ਪਛਾਣ ਬਣ ਜਾਂਦਾ ਹੈ। ਮਮਤਾ ਦੀ ਚਿੱਟੀ ਸਾੜ੍ਹੀ ਵੀ ਉਸ ਦੀ ਮਹੱਤਵਪੂਰਨ ਪਛਾਣ ਹੈ।
ਜਾਣਕਾਰੀ ਅਨੁਸਾਰ ਮਮਤਾ ਬੈਨਰਜੀ ਦੀ ਚਿੱਟੀ ਸਾੜੀ, ਚੱਪਲਾਂ ਅਤੇ ਸਾਦਾ ਜੀਵਨ ਬਤੀਤ ਕਰਨ ਦਾ ਕਾਰਨ ਬਚਪਨ ਵਿੱਚ ਆਏ ਵਿੱਤੀ ਸੰਕਟ ਨੂੰ ਦੱਸਿਆ ਗਿਆ ਹੈ। ਦਰਅਸਲ, ਜਦੋਂ ਮਮਤਾ ਬੈਨਰਜੀ 9 ਸਾਲਾਂ ਦੇ ਸਨ ਉਦੋਂ ਹੀ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ।ਪਿਤਾ ਦਾ ਸਾਇਆ ਸਿਰ ਤੋਂ ਉੱਠਣ ਤੋਂ ਬਾਅਦ ਮਮਤਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਚਪਨ ਵਿੱਚ, ਸ਼ੌਕ ਅਤੇ ਮਨੋਰੰਜਨ ਦੀ ਥਾਂ ਜ਼ਰੂਰਤ ਨੇ ਲੈ ਲਈ। ਉਦੋਂ ਤੋਂ ਲੈ ਕੇ ਅੱਜ ਤੱਕ ਮਮਤਾ ਬੈਨਰਜੀ ਕੋਲ ਲੋੜ ਅਨੁਸਾਰ ਕੱਪੜੇ ਨੇ। ਉਹ ਜ਼ਿਆਦਾ ਕੱਪੜੇ ਇਕੱਠੇ ਕਰਨ ਵਿੱਚ ਵਿਸ਼ਵਾਸ ਨਹੀਂ ਕਰਦੇ ਅਤੇ ਸਾਦੀ ਜ਼ਿੰਦਗੀ ਜਿਉਂਦੇ ਨੇ।
ਮਮਤਾ ਬੈਨਰਜੀ ਇਕੋ ਰੰਗ ਦੇ ਬਾਰਡਰ ਵਾਲੀਆਂ ਚਿੱਟੀਆਂ ਸਾੜੀਆਂ ਪਾਉਂਦੇ ਨੇ। ਉਹ ਬੰਗਾਲ ਦੇ ਹੀ ਧਨੇਖਾਲੀ ਇਲਾਕੇ ‘ਚ ਬਣਦੀਆਂ ਨੇ। ਧਨੇਖਾਲੀ ਇਲਾਕਾ ਕੱਪੜਿਆਂ ਬੁਣਨ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਸਾੜੀਆਂ ਦੀ ਖਾਸੀਅਤ ਇਹ ਹੈ ਕਿ ਚਿਪਚਿਪਾਹਟ ਭਰੇ ਮੌਸਮ ‘ਚ ਵੀ ਹਲਕੀ ਅਤੇ ਆਰਾਮਦਾਇਕ ਹੁੰਦੀਆਂ ਨੇ।ਹਾਲਾਂਕਿ ਹਿੰਦੂ ਧਰਮ ਵਿੱਚ, ਲਾੜੀ ਅਤੇ ਵਿਆਹੀਆਂ ਹਪਈਆਂ ਔਰਤਾਂ ਚਿੱਟੇ ਕੱਪੜੇ ਨਹੀਂ ਪਾ ਸਕਦੀਆਂ। ਇਹ ਮੰਨਿਆ ਜਾਂਦਾ ਹੈ ਕਿ ਪਤੀ ਦੀ ਮੌਤ ਤੋਂ ਬਾਅਦ ਔਰਤਾਂ ਚਿੱਟੇ ਕੱਪੜੇ ਪਾਉਂਦੀਆਂ ਨੇ। ਇਸ ਲਈ ਚਿੱਟੇ ਰੰਗ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ ਅਤੇ ਸ਼ੁਭ ਕਾਰਜਾਂ ਲਈ ਇਸ ਰੰਗ ਦੇ ਕੱਪੜੇ ਨਹੀਂ ਪਹਿਨੇ ਜਾਂਦੇ। ਧਾਰਮਿਕ ਗ੍ਰੰਥਾਂ ਵਿੱਚ ਇਸਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ ਕਿ ਚਿੱਟੇ ਰੰਗ ਨੂੰ ਦੁਲਹਨ ਜਾਂ ਵਿਆਹੀਆਂ ਔਰਤਾਂ ਨਹੀਂ ਪਰ ਸਕਦੀਆਂ ਜਾਂ ਫਿਰ ਇਹ ਰੰਗ ਵਿਆਹੀਆਂ ਔਰਤਾਂ ਲਈ ਅਸ਼ੁੱਭ ਹੈ। ਧਰਮ ਗ੍ਰੰਥਾਂ ਵਿੱਚ ਇਸ ਨੂੰ ਸ਼ਾਂਤੀ, ਸ਼ੁਭਤਾ, ਪਵਿੱਤਰਤਾ ਦਾ ਰੰਗ ਦੱਸਿਆ ਗਿਆ ਹੈ।