ਚੰਡੀਗੜ੍ਹ ਵਿਖੇ ਸਕੂਲ ’ਚ ਦਰੱਖ਼ਤ ਦੀ ਲਪੇਟ ’ਚ ਆਉਣ ਕਾਰਨ ਮੌਤ ਦਾ ਸ਼ਿਕਾਰ ਹੋਈ ਬੱਚੀ ਹਿਰਾਕਸ਼ੀ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਜਿੱਥੇ ਪਰਿਵਾਰ ਵਾਲਿਆਂ ਦਾ ਦੁੱਖ਼ ਨਹੀਂ ਵੇਖਿਆ ਜਾ ਰਿਹਾ ਸੀ, ਉਥੇ ਹੀ ਅੰਤਿਮ ਸੰਸਕਾਰ ’ਚ ਸ਼ਾਮਲ ਹੋਏ ਲੋਕਾਂ ਦੀਆਂ ਅੱਖਾਂ ਵੀ ਨਮ ਵਿਖਾਈ ਦਿੱਤੀਆਂ।
ਦੱਸ ਦੇਈਏ ਕਿ ਸੈਕਟਰ-9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿਚ 250 ਸਾਲ ਪੁਰਾਣਾ ਹੈਰੀਟੇਜ ਦਰੱਖ਼ਤ ਡਿੱਗਣ ਨਾਲ ਬੀਤੇ ਦਿਨ ਵਿਦਿਆਰਥਣ ਹਿਰਾਕਸ਼ੀ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਹਾਦਸੇ ਵਿਚ 19 ਬੱਚੇ ਅਤੇ ਮਹਿਲਾ ਸਹਾਇਕ ਸ਼ੀਲਾ (40) ਵੀ ਜ਼ਖ਼ਮੀ ਹੋਏ ਸਨ।
ਹਿਰਾਕਸ਼ੀ ਸੈਕਟਰ-43 ਦੀ ਰਹਿਣ ਵਾਲੀ ਸੀ। ਉਹ 10ਵੀਂ ਜਮਾਤ ਵਿਚ ਪੜ੍ਹਦੀ ਸੀ ਅਤੇ ਪਰਿਵਾਰ ਵਿਚ ਸਭ ਤੋਂ ਛੋਟੀ ਸੀ। ਘਟਨਾ ਸ਼ੁੱਕਰਵਾਰ ਸਵੇਰੇ 11.30 ਵਜੇ ਵਾਪਰੀ ਸੀ। ਉਸ ਸਮੇਂ ਬੱਚੇ ਦਰੱਖ਼ਤ ਨੇੜੇ ਖਾਣਾ ਖਾ ਰਹੇ ਸਨ। ਹਾਦਸੇ ਤੋਂ ਬਾਅਦ ਲੜਕੀ ਨੂੰ ਸੈਕਟਰ-16 ਸਥਿਤ ਜੀ. ਐੱਮ. ਐੱਸ. ਐੱਚ. ਲਿਜਾਇਆ ਗਿਆ ਸੀ, ਜਿੱਥੋਂ ਉਸ ਨੂੰ ਪੀ. ਜੀ. ਆਈ. ਰੈਫ਼ਰ ਕੀਤਾ ਗਿਆ ਸੀ।ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ।