ਭਾਜਪਾ ਅਤੇ ਆਰਐੱਸਐੱਸ ਖ਼ਿਲਾਫ਼ ਕਿਸਾਨਾਂ ਦਾ ਗੁੱਸਾ ਲਗਾਤਾਰ ਫੁੱਟ ਰਿਹਾ ਹੈ। ਰੋਪੜ ਦੇ ਨੂਰਪੁਰਬੇਦੀ ਥਾਣਾ ਖੇਤਰ ‘ਚ ਅੱਜ ਆਰਐੱਸਐੱਸ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਜਾਣਾ ਸੀ। ਪਰ ਜਿਵੇਂ ਹੀ ਇਸ ਦੀ ਭਿਣਕ ਕਿਸਾਨਾਂ ਨੂੰ ਲੱਗੀ ਤਾਂ ਉਹ ਤੁਰੰਤ ਮੌਕੇ ‘ਤੇ ਵਿਰੋਧ ਲਈ ਪਹੁੰਚ ਗਏ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਨਾ ਤਾਂ ਭਾਜਪਾ ਨੂੰ ਤੇ ਨਾ ਹੀ ਆਰਐੱਸਐੱਸ ਨੂੰ ਕੋਈ ਪ੍ਰੋਗਰਾਮ ਕਰਨ ਦਿੱਤਾ ਜਾਵੇਗਾ। ਨੂਰਪੁਰਬੇਦੀ ‘ਚ ਬਾਬਾ ਬਾਲ ਜੀ ਦੇ ਆਸ਼ਰਮ ‘ਚ ਕੈਂਪ ਲਗਾਉਣ ਵਾਲੀ ਥਾਂ ‘ਤੇ ਪੂਰੀ ਤਿਆਰ ਹੋ ਚੁੱਕੀ ਸੀ ਤੇ ਬਲੱਡ ਬੈਂਕ ਦੀ ਟੀਮ ਵੀ ਪਹੁੰਚ ਚੁੱਕੀ ਸੀ। ਕਿਸਾਨ ਜਥੇਬੰਦੀਆਂ ਨੂੰ ਜਦੋਂ ਇਸ ਬਾਰੇ ਪਤਾ ਚੱਲਿਆ ਤਾਂ ਉਹ ਮੌਕੇ ‘ਤੇ ਪਹੁੰਚ ਗਈਆਂ ਤੇ ਖ਼ੂਨਦਾਨ ਕੈਂਪ ਨਾ ਲਾਉਣ ਦੇਣ ਦੀ ਗੱਲ ਕਹੀ। ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਆਰਐੱਸਐੱਸ ਆਗੂਆਂ ਵਿਚਕਾਰ ਤਿੱਖੀ ਬਹਿਸ ਵੀ ਹੋਈ। ਕਿਸਾਨ ਕੈਂਪ ਨਾ ਲਗਾਉਣ ਦੇਣ ‘ਤੇ ਅੜੇ ਰਹੇ। ਇਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਹੈ। ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਜਦੋਂ ਅਸੀਂ ਵਿਰੋਧ ਕਰਨ ਪਹੁੰਚੇ ਤਾਂ ਆਰਐੱਸਐੱਸ ਦੇ ਵਰਕਰਾਂ ਨੇ ਉਥੇ ਹਥਿਆਰਾਂ ਨਾਲ ਲੈਸ ਗੁੰਡੇ ਬੁਲਾ ਲਏ ਤੇ ਉਹ ਸਾਡੇ ‘ਤੇ ਹਮਲਾ ਕਰਾਉਣਾ ਚਾਹੁੰਦੇ ਸੀ।