ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ‘ਤੇ ਕਿਸਾਨ ਦੇਸ਼ ਭਰ ‘ਚ ਕਾਲਾ ਦਿਵਸ ਮਨਾ ਰਹੇ ਨੇ। ਅਜਿਹੇ ‘ਚ ਹਰਿਆਣਾ ‘ਚ ਵੱਡੇ ਪੱਧਰ ‘ਤੇ ਰੋਸ ਮੁਹਾਜ਼ਰੇ ਹੋ ਰਹੇ ਹਨ।ਹਰਿਆਣਾ ਵਿੱਚ ਕਈ ਥਾਂਵਾਂ ਉੱਤੇ ਕਾਲੇ ਝੰਡੇ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤੇ ਪਰ ਸਿਰਸਾ ‘ਚ ਕਿਸਾਨ ਉਪ ਮੱੁਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਘਰ ਦੇ ਬਾਹਰ ਜਾ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ ਪਰ ਉਨ੍ਹਾਂ ਨੂੰ ਰੋਕਣ ਲਈ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਹੈ, ਇਸ ਦੌਰਾਨ ਕਿਸਾਨਾਂ ਨੇ ਪੁਲਿਸ ਵੱਲੋਂ ਲਾਏ ਬੈਰੀਕੇਡ ਤੋੜ ਦਿੱਤੇ ਤੇ ਦੁਸ਼ਯੰਤ ਚੌਟਾਲਾ ਦੇ ਘਰ ਦੇ ਬਾਹਰ ਜਾ ਕੇ ਪ੍ਰਦਰਸ਼ਨ ਕੀਤਾ।
ਗੌਰਤਲਬ ਹੈ ਕਿਸਾਨ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ ਤੇ ਇਨ੍ਹਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਸੇ ਮੰਗ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਕਿਸਾਨ ਲਗਾਤਾਰ 6 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਰਾਜੀ ਨਹੀਂ ਹੈ।
ਕਿਸਾਨਾਂ ਦੇ ਵਲੋਂ 26 ਮਈ ਨੂੰ ਕਾਲਾ ਦਿਹਾੜਾ ਮਨਾਉਣ ਦੀ ਕਾਲ ਦਿੱਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਸਾਰੇ ਕਾਲਾ ਝੰਡਾ ਲਹਿਰਾ ਕੇ ਆਪਣਾ ਵਿਰੋਧ ਜਤਾਉਣ। ਇਸ ਦੇ ਚੱਲਦੇ ਅੱਜ ਸਵੇਰ ਤੋਂ ਹੀ ਕਿਸਾਨਾਂ ਦੇ ਵੱਲੋਂ ਲਗਾਤਾਰ ਵੱਖ ਵੱਖ ਜਗ੍ਹਾਵਾਂ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ. ਲੋਕ ਵਧ ਚੜ੍ਹ ਕੇ ਕਾਲੇ ਝੰਡਿਆਂ ਦੇ ਨਾਲ ਅਤੇ ਕਾਲੇ ਚੋਲੇ ਪਾ ਕੇ ਸਰਕਾਰ ਦੇ ਖਿਲਾਫ ਵਿਰੋਧ ਦਰਜ ਕਰਵਾਉਣ ਨਿੱਤਰੇ ਹਨ.