ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਨਤੀਜਿਆਂ ਦਾ ਸ਼ੁਰੂਆਤੀ ਰੁਝਾਨ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਥੋੜ੍ਹੇ ਫਰਕ ਨਾਲ ਅੱਗੇ ਚੱਲ ਰਿਹਾ ਹੈ। ਪੰਜਾਬੀ ਬਾਗ ਹਲਕਾ ਸੀਟ ਤੋਂ ਪਰਮਜੀਤ ਸਿੰਘ ਸਰਨਾ ਨੇ ਆਪਣੇ ਵਿਰੋਧੀ ਮਨਜਿੰਦਰ ਸਿੰਘ ਸਿਰਸਾ ਤੋਂ 100 ਦੇ ਕਰੀਬ ਵੋਟਾਂ ਨਾਲ ਲੀਡ ਬਣਾਈ ਹੋਈ ਹੈ। ਹੁਣ ਤੱਕ ਦੇ ਰੁਝਾਨ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 16 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪੰਜ ਉਮੀਦਵਾਰ, ਜਾਗੋ ਦੇ 2 ਉਮੀਦਵਾਰ ਅਤੇ ਇੱਕ ਹੋਰ ਉਮੀਦਵਾਰ ਅੱਗੇ ਚੱਲ ਰਿਹਾ ਹੈ। ਮਨਜੀਤ ਸਿੰਘ ਜੀਕੇ ਆਪਣੇ ਵਿਰੋਧੀ ਤੋਂ 378 ਵੋਟਾਂ ਨਾਲ ਅੱਗੇ ਦੱਸੇ ਜਾ ਰਹੇ ਹਨ। ਕਮੇਟੀ ਦੇ ਅਹੁਦੇਦਾਰਾਂ ਲਈ 12 ਅਗਸਤ ਨੂੰ ਵੋਟਾਂ ਪਈਆਂ ਸਨ। ਵੋਟਾਂ ਦੀ ਗਿਣਤੀ ਅੱਠ ਵਜੇ ਸ਼ੁਰੂ ਹੋਈ ਸੀ ਅਤੇ ਪਹਿਲੇ ਗੇੜ ਦੀਆਂ ਵੋਟਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ। ਅੱਜ ਸ਼ਾਮ ਤੱਕ ਨਵੀਂ ਕਮੇਟੀ ਦੀ ਤਸਵੀਰ ਸਪੱਸ਼ਟ ਹੋ ਜਾਵੇਗੀ। ਦੱਸ ਦਈਏ ਕਿ ਸਰਨਾ, ਸਿਰਸਾ ਅਤੇ ਜੀਕੇ ਧੜਿਆ ਵਿਚਕਾਰ ਮੁਕਾਬਲਾ ਸਖ਼ਤ ਚੱਲ ਰਿਹਾ ਹੈ। ਪੰਥਕ ਅਕਾਲੀ ਲਹਿਰ ਦੇ ਉਮੀਦਵਾਰ ਤਗੜੀ ਟੱਕਰ ਦੇ ਰਹੇ ਹਨ।