ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਦਾਣਾ ਮੰਡੀ ਪਹੁੰਚ ਕੇ ਰੇਹੜੀ ਅਤੇ ਫੜੀ ਵਾਲਿਆਂ ਤੋਂ ਠੇਕੇਦਾਰ ਦੁਆਰਾ ਤੈਅ ਰੇਟ ਤੋਂ ਵੱਧ ਦੀ ਪਰਚੀ ਫੀਸ ਵਸੂਲਣ ਦਾ ਸਖਤ ਕਦਮ ਚੁੱਕਦੇ ਹੋਏ ਸਕੱਤਰ ਮਾਰਕੀਟ ਕਮੇਟੀ ਨੂੰ ਨਿਰਦੇਸ਼ ਦਿੱਤੇ ਕਿ ਜੇਕਰ ਠੇਕੇਦਾਰ ਸਰਕਾਰ ਵਲੋਂ ਨਿਰਧਾਰਤ ਫੀਸ ਤੋਂ ਇਕ ਰੁਪਏ ਵੀ ਵੱਧ ਵਸੂਲਿਆ ਗਿਆ ਤਾਂ ਤੁਰੰਤ ਉਸ ਦਾ ਠੇਕਾ ਕੈਂਸਲ ਕੀਤਾ ਜਾਵੇ।
ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਗੜ੍ਹਸ਼ੰਕਰ ਸ੍ਰੀ ਜੈ ਕ੍ਰਿਸ਼ਨ ਰੋੜੀ ਅਤੇ ਵਿਧਾਇਕ ਉੜਮੁੜ ਸ੍ਰੀ ਜਸਵੀਰ ਸਿੰਘ ਰਾਜਾ ਗਿੱਲ ਵੀ ਮੌਜੂਦ ਸਨ। ਉਨ੍ਹਾਂ ਨੇ ਸਕੱਤਰ ਮੰਡੀ ਬੋਰਡ ਪੰਜਾਬ ਨੂੰ ਵੀ ਫੋਨ ਰਾਹੀਂ ਹੁਸ਼ਿਆਰਪੁਰ ਮੰਡੀ ਵਿਚ ਠੇਕੇਦਾਰ ਵਲੋਂ ਨਜਾਇਜ਼ ਵਸੂਲੀ ਤੋਂ ਜਾਣੂ ਕਰਵਾਉਂਦੇ ਹੋਏ ਇਸ ਦਿਸ਼ਾ ਵੱਲ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਦਾਣਾ ਮੰਡੀ ਵਿਚ ਪਾਰਕਿੰਗ ਫੀਸ ਦੇ ਨਾਮ ’ਤੇ ਹੋ ਰਹੀ ਲੁੱਟ ’ਤੇ ਨਕੇਲ ਕਸੀ ਜਾਵੇਗੀ ਅਤੇ ਕਿਸੇ ਵੀ ਹਾਲਤ ਵਿਚ ਨਜਾਇਜ਼ ਵਸੂਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਸਖਤ ਕਦਮ ਉਠਾਉਣ ਸਬੰਧੀ ਜਾਣੂ ਕਰਵਾ ਦਿੱਤਾ ਹੈ।
ਉਨ੍ਹਾਂ ਨੇ ਇਥੇ ਮੌਜੂਦਾ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਮੌਕੇ ’ਤੇ ਪਹੁੰਚੇ ਨਵਨਿਯੁਕਤ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹਾ ਪੁਲਿਸ ਫੋਰਸ ਯਕੀਨੀ ਬਣਾਏ ਕਿ ਮੰਡੀ ਵਿਚ ਠੇਕੇਦਾਰ ਜਾਂ ਕਿਸੇ ਹੋਰ ਵਿਅਕਤੀ ਵਲੋਂ ਗਰੀਬ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਪ੍ਰੇਸ਼ਾਨ ਨਾ ਕੀਤਾ ਜਾਵੇ ਅਤੇ ਜੇਕਰ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।