ਪੱਛਮੀ ਬੰਗਾਲ ‘ਚ ਭਾਜਪਾ ਦੀ ਹਾਰ ਤੋਂ ਬਾਅਦ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨ ਬੇਹੱਦ ਖੁਸ਼ ਹਨ ਖਾਸ ਤੌਰ ‘ਤੇ ਉਹ ਕਿਸਾਨ ਜੋ ਪੱਛਮੀ ਬੰਗਾਲ ਜਾ ਕੇ ਭਾਜਪਾ ਦੇ ਖਿਲਾਫ਼ ਰੈਲੀਆਂ ਕਰਕੇ ਆਏ ਹਨ । ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵੀ ਬੰਗਾਲ ਗਏ ਸੀ ਤੇ ਹੁਣ ਭਾਜਪਾ ਦੀ ਹਾਰ ਤੋਂ ਬਾਅਦ ਰਾਜੇਵਾਲ ਦਾ ਵੱਡਾ ਬਿਆਨ ਆਇਆ ਹੈ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜਦੋਂ ਸਰਕਾਰ ਲੋਕਾਂ ਦੇ ਹਿੱਤਾਂ ਦੇ ਉਲਟ ਕੰਮ ਕਰਨਾ ਸ਼ੁਰੂ ਕਰਦੀ ਹੈ ਤਾਂ ਫਿਰ ਲੋਕ ਉਸਨੂੰ ਸਬਕ ਸਿਖਾ ਦਿੰਦੇ ਹਨ। ਅਸੀਂ ਵਾਰ ਵਾਰ ਸਰਕਾਰ ਨੂੰ ਚਿਤਾਵਨੀ ਦਿੰਦੇ ਰਹੇ, ਜਦੋਂ ਸਰਕਾਰ ਲੀਹ ‘ਤੇ ਨਹੀਂ ਆਈ ਤਾਂ ਅਸੀਂ ਬੰਗਾਲ ਜਾ ਕੇ ਆਪਣੇ ਭਾਈਚਾਰੇ ਨੂੰ ਅਪੀਲ ਕੀਤੀ ਤੇ ਉਸਦਾ ਹੀ ਨਤੀਜਾ ਹੈ ਕਿ ਭਾਜਪਾ ਵਾਲੇ ਬੁਰੀ ਤਰ੍ਹਾਂ ਹਾਰੇ ਹਨ। ਅਜੇ ਵੀ ਮੋਦੀ ਸਰਕਾਰ ਨੂੰ ਸਮਝ ਜਾਣਾ ਚਹੀਦਾ ਹੈ ਜੇ ਅੱਗੇ ਚੱਲ ਕੇ ਵੀ ਇਹੀ ਰਵੱਈਆ ਰਿਹਾ ਤਾਂ ਹੁਣ ਯੂਪੀ ਵੱਲ ਨੂੰ ਰੁੱਖ ਕਰਾਂਗੇ। ਭਾਜਪਾ ਦੇ ਹੁਣ ਹਾਰਨ ਦੇ ਦਿਨ ਆ ਗਏ। ਰਾਜੇਵਾਲ ਨੇ ਕਿਹਾ ਕਿ ਮੈਂ ਸਰਕਾਰ ਨੂੰ ਸਲਾਹ ਦਿੰਦਾ ਹਾਂ ਕਿ ਸਰਕਾਰ ਆਪਣੀ ਜਿੱਦ ਛੱਡ ਦੇਵੇ, ਜੇ ਜਿੱਦ ਨਾ ਛੱਡੀ ਤਾਂ ਯੂਪੀ ‘ਚ ਪੱਛਮੀ ਬੰਗਾਲ ਨਾਲੋਂ ਵੀ ਭੈੜਾ ਹਾਲ ਕਰਾਂਗੇ । ਯੂਪੀ ਦੇਸ਼ ਦਾ ਸਭ ਤੋਂ ਵੱਡਾ ਸੂਬਾ ਹੈ ਤੇ ਇਸਦੀ ਮਾਰ ਸਰਕਾਰ ਕੋਲੋਂ ਝੱਲੀ ਨਹੀਂ ਜਾਣੀ। ਦਰਅਸਲ ਬੀਤੇ ਦਿਨ ਪੰਜਾਬ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਸੀ ਜਿਸ ‘ਚ ਭਾਜਪਾ ਅਸਾਮ ‘ਚ ਗਠਜੋੜ ਨਾਲ ਸਰਕਾਰ ਬਣਾਉਣ ‘ਚ ਕਾਮਯਾਬ ਰਹੀ। ਜਦਕਿ ਪੱਛਮੀ ਬੰਗਾਲ ‘ਚ 200 ਤੋਂ ਵੱਧ ਸੀਟਾਂ ਦਾ ਦਾਅਵਾ ਕਰਨ ਵਾਲੀ ਭਾਜਪਾ ਨੂੰ ਕਰਾਰੀ ਹਾਲ ਝੱਲਣੀ ਪਈ ਕਿਉਂਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ‘ਚ ਅਜਿਹਾ ਪਹਿਲੀ ਵਾਰ ਹੋਇਆ ਕਿ ਸਿਰ ‘ਤੇ ਪੱਗਾਂ ਬੰਨ ਕਿਸਾਨ ਬੰਗਾਲ ‘ਚ ਜਾ ਕੇ ਭਾਜਪਾ ਦੇ ਖਿਲਾਫ਼ ਰੈਲੀਆਂ ਕਰਕੇ ਆਏ ਸੀ ਤੇ ਬੰਗਾਲੀਆਂ ਨੂੰ ਅਪੀਲ ਕੀਤੀ ਸੀ ਕਿ ਬਾਜਪਾ ਨੂੰ ਵੋਟ ਨਾ ਪਾਇਓ, ਹੋਰ ਜਿਸਨੂੰ ਮਰਜ਼ੀ ਪਾ ਦਿਓ ਤੇ ਹੁਣ ਬੰਗਾਲ ‘ਚ ਭਾਜਪਾ ਦੀ ਹਾਰ ਤੋਂ ਬਾਅਦ ਕਿਸਾਨ ਖੁਸ਼ ਹਨ। ਬੀਤੇ ਦਿਨ ਸਿੰਘੂ ਬਾਰਡਰ ‘ਤੇ ਦੇਸੀ ਘਿਓ ਦੇ ਲੱਡੂ ਤੱਕ ਵੰਡੇ ਗਏ ਸਨ।