ਸੰਯੁਕਤ ਕਿਸਾਨ ਮੋਰਚਾ ਵੱਲੋਂ ਹਰਿਆਣਾ ਵਿੱਚ ਭਾਜਪਾ-ਜੇਜੇਪੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਘਰਾਂ ਦੇ ਘਿਰਾਓ ਕਰਨ ਦੇ ਸੱਦੇ ਦੇ ਮੱਦੇਨਜ਼ਰ ਕਿਸਾਨ ਵੱਡੀ ਗਿਣਤੀ ਵਿੱਚ ਕਰਨਾਲ ਅਨਾਜ ਮੰਡੀ ਵਿੱਚ ਇਕੱਤਰ ਹੋਏ। ਕੇਂਦਰ ਵੱਲੋਂ ਝੋਨੇ ਦੀ ਖਰੀਦ ਦਸ ਦਿਨ ਅੱਗੇ ਪਾਉਣ ਤੋਂ ਕਿਸਾਨ ਨਾਰਾਜ਼ ਹਨ। ਮੰਡੀ ਤੋਂ ਕਿਸਾਨ ਘਿਰਾਓ ਕਰਨ ਲਈ ਪ੍ਰੇਮ ਨਗਰ ਸਥਿਤ ਮੁੱਖ ਮੰਤਰੀ ਮਨੋਹਰ ਲਾਲ ਦੇ ਕੈਂਪ ਦਫਤਰ ਪੁੱਜੇ। ਇਸ ਦੌਰਾਨ ਅੰਬਾਲਾ ਸ਼ਹਿਰ ਦੇ ਕਿਸਾਨ ਝੋਨੇ ਨਾਲ ਲੱਦੀਆਂ ਟਰਾਲੀਆਂ ਨਾਲ ਭਾਜਪਾ ਵਿਧਾਇਕ ਅਸੀਮ ਗੋਇਲ ਦੀ ਰਿਹਾਇਸ਼ ਵੱਲ ਮਾਰਚ ਕਰ ਰਹੇ ਹਨ। ਅੰਬਾਲਾ ਸ਼ਹਿਰ ਵਿੱਚ ਕਿਸਾਨਾਂ ਨੂੰ ਰੋਕਣ ਲਈ ਭਾਰੀ ਪੁਲਿੀ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਬੈਰੀਕੇਡ ਲਗਾਏ ਗਏ ਹਨ। ਕੁਰੂਕਸ਼ੇਤਰ ਦੇ ਸ਼ਾਹਬਾਦ ਵਿੱਚ ਕਿਸਾਨ ਜੇਜੇਪੀ ਵਿਧਾਇਕ ਰਾਮਕਰਨ ਕਲਾ ਦੇ ਘਰ ਦੇ ਸਾਹਮਣੇ ਧਰਨਾ ਦੇ ਰਹੇ ਹਨ। ਕਿਸਾਨਾਂ ਦਾ ਇੱਕ ਹੋਰ ਸਮੂਹ ਖੇਡ ਅਤੇ ਯੁਵਾ ਮਾਮਲਿਆਂ ਦੇ ਰਾਜ ਮੰਤਰੀ ਸੰਦੀਪ ਸਿੰਘ ਦੇ ਨਿਵਾਸ ਦੇ ਕੋਲ ਪ੍ਰਦਰਸ਼ਨ ਕਰ ਰਿਹ ਹੈ। ਕੁਰੂਕਸ਼ੇਤਰ ਵਿੱਚ ਕਿਸਾਨ ਪ੍ਰਦਰਸ਼ਨ ਕਰਨ ਲਈ ਭਾਜਪਾ ਦੇ ਥਾਨੇਸਰ ਵਿਧਾਇਕ ਸੁਭਾਸ਼ ਸੁਧਾ ਦੇ ਘਰ ਦੇ ਨੇੜੇ ਪਹੁੰਚ ਚੁੱਕੇ ਹਨ।