ਟਿਕਰੀ-ਬਹਾਦੁਰਗੜ ਸਰਹੱਦ ‘ਤੇ ਬਲੌਰ ਪਿੰਡ ਦੇ ਰਹਿਣ ਵਾਲੇ ਇੱਕ ਰਿਟਾਇਰਡ ਕਸਟਮ ਅਧਿਕਾਰੀ ਨਰ ਸਿੰਘ ਰਾਓ ਨੇ ਆਪਣੀ ਦੋ ਏਕੜ ਖੇਤੀਬਾੜੀ ਜ਼ਮੀਨ ਅੰਮ੍ਰਿਤਸਰ ਦੇ ਅੰਦੋਲਨਕਾਰੀ ਕਿਸਾਨਾਂ ਦੇ ਸਮੂਹ ਨੂੰ ਸਬਜ਼ੀਆਂ ਉਗਾਉਣ ਲਈ ਮੁਹੱਈਆ ਕਰਵਾਈ ਹੈ।
ਨਰ ਸਿੰਘ ਰਾਓ ਨੇ ਦੱਸਿਆ ਕਿ ਇਹ ਕਿਸਾਨ ਪਿਛਲੇ ਚਾਰ ਮਹੀਨਿਆਂ ਤੋਂ ਮੇਰੇ ਖੇਤਾਂ ਦੇ ਨਾਲ ਡੇਰੇ ਲਾ ਕੇ ਬੈਠੇ ਹਨ। ਇਸ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਕਈ ਮੌਕਿਆਂ ‘ਤੇ ਦੁੱਧ ਅਤੇ ਭੋਜਨ ਦੀ ਪੇਸ਼ਕਸ਼ ਤੋਂ ਇਲਾਵਾ, ਨਹਾਉਣ, ਪਖਾਨਿਆਂ ਦੀ ਸਹੂਲਤ ਪ੍ਰਦਾਨ ਕਰ ਚੁੱਕਾ ਹਾਂ। ਹੁਣ ਉਨ੍ਹਾਂ ਨੇ ਸਬਜ਼ੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਜ਼ਮੀਨ ਨੂੰ ਕਿਰਾਏ ‘ਤੇ ਲੈਣ ਲਈ ਮੇਰੇ ਕੋਲ ਪਹੁੰਚ ਕੀਤੀ ਸੀ ਪਰ ਮੈਂ ਉਨ੍ਹਾਂ ਨੂੰ ਮਨੁੱਖਤਾ ਦੇ ਅਧਾਰ ‘ਤੇ ਜ਼ਮੀਨ ਮੁਫਤ ਦੇ ਦਿੱਤੀ ਕਿਉਂਕਿ ਉਹ ਸਾਰੇ ਕਿਸਾਨ ਭਾਈਚਾਰੇ ਲਈ ਲੜਾਈ ਲੜ ਰਹੇ ਹਨ। ਚਾਰ ਏਕੜ ਖੇਤੀ ਵਾਲੀ ਜ਼ਮੀਨ ਦੇ ਮਾਲਕ ਰਾਓ ਨੇ ਕਿਹਾ ਕਿ ਕਿਸਾਨ ਆਪਣਾ ਅੰਦੋਲਨ ਖਤਮ ਹੋਣ ਤੱਕ ਇਸ ਜ਼ਮੀਨ ਦੀ ਵਰਤੋਂ ਕਰ ਸਕਦੇ ਹਨ।
ਅੰਮ੍ਰਿਤਸਰ ਦੇ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਹਰਿਆਣਾ ਦੇ ਵਸਨੀਕ ਪਿਛਲੇ ਚਾਰ ਮਹੀਨਿਆਂ ਤੋਂ ਹਰ ਤਰਾਂ ਦੀ ਸਹਾਇਤਾ ਕਰ ਰਹੇ ਹਨ ਪਰ ਸਬਜ਼ੀਆਂ ਦੀ ਸਪਲਾਈ ਪਿਛਲੇ ਦੋ ਦਿਨਾਂ ਤੋਂ ਘੱਟ ਰਹੀ ਹੈ। ਅਸੀਂ ਰੋਜ਼ਾਨਾ ਦੀ ਮੰਗ ਨੂੰ ਪੂਰਾ ਕਰਨ ਲਈ ਸਬਜ਼ੀਆਂ ਜਿਵੇਂ ਕੱਦੂ ਅਤੇ ਮਿਰਚ ਆਦਿ ਉਗਾਉਣ ਦਾ ਫੈਸਲਾ ਕੀਤਾ ਹੈ।
ਉਸਨੇ ਕਿਹਾ ਕਿ ਸਬਜ਼ੀਆਂ 45 ਦਿਨਾਂ ਵਿਚ ਵਰਤਣ ਲਈ ਤਿਆਰ ਹੋ ਜਾਣਗੀਆਂ। ਇਸ ਤੋਂ ਬਾਅਦ ਇਹ ਟਿਕਰੀ ਵਿਖੇ ਕਿਸਾਨਾਂ ਨੂੰ ਵੰਡੇ ਜਾਣਗੇ।