ਨਵੀਂ ਦਿੱਲੀ– ਦੇਸ਼ ਅੰਦਰ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਸਿਹਤ ਮਹਿਕਮੇ ਮੁਤਾਬਕ ਭਾਰਤ ਸਭ ਤੋਂ ਤੇਜ਼ੀ ਨਾਲ ਕੋਰੋੋਨਾ ਟੀਕਾਕਰਨ ਵਾਲਾ ਦੇਸ਼ ਬਣ ਗਿਆ ਹੈ। ਟੀਕਾਕਰਨ ਮਗਰੋਂ ਵੀ ਕਈ ਲੋਕਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਖ਼ਬਰ ਹੈ। ਅਜਿਹੇ ਵਿਚ ਹਰ ਕਿਸੇ ਦੇ ਮਨ ਵਿਚ ਇਹ ਸਵਾਲ ਹੈ ਕਿ ਵੈਕਸੀਨ ਲਗਵਾਉਣ ਮਗਰੋਂ ਵੀ ਉਹ ਲੋਕ ਕਿਵੇਂ ਪਾਜ਼ੇਟਿਵ ਹੋ ਗਏ? ਇਨ੍ਹਾਂ ਸਵਾਲਾਂ ਦਾ ਜਵਾਬ ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕ੍ਰਿਸ਼ਨਾ ਏਲਾ ਨੇ ਦਿੱਤਾ।
ਕ੍ਰਿਸ਼ਨਾ ਏਲਾ ਨੇ ਕਿਹਾ ਕਿ ਵੈਕਸੀਨ ਬਣਾਉਣ ਵਾਲੀ ਕੋਈ ਵੀ ਕੰਪਨੀ ਇਹ ਦਾਅਵਾ ਨਹੀਂ ਕਰਦੀ ਕਿ ਵੈਕਸੀਨ ਤੋਂ ਬਾਅਦ ਵੀ ਵਾਇਰਸ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਟੀਕਾ ਲੱਗਣ ਮਗਰੋਂ ਵੀ ਮਾਸਕ ਪਹਿਨਣਾ ਜਾਰੀ ਰੱਖੋ। ਏਲਾ ਨੇ ਕਿਹਾ ਵੈਕਸੀਨ ਸਿਰਫ਼ ਹੇਠਲੇ ਫ਼ੇਫੜੇ ਨੂੰ ਸੁਰੱਖਿਆ ਦਿੰਦੀ ਹੈ ਨਾ ਕਿ ਉੱਪਰੀ ਫ਼ੇਫੜੇ ਨੂੰ, ਇਸ ਲਈ ਕੋਰੋਨਾ ਟੀਕੇ ਦੀਆਂ ਦੋ ਖ਼ੁਰਾਕਾਂ ਲੈਣ ਤੋਂ ਬਾਅਦ ਵੀ ਕੋਰੋਨਾ ਹੋਣ ਦੀ ਸੰਭਾਵਨਾ ਹੈ। ਪਰ ਇਹ ਘਾਤਕ ਨਹੀਂ ਹੋਵੇਗਾ। ਏਲਾ ਨੇ ਇਹ ਸਾਫ਼ ਕੀਤਾ ਕਿ ਵੈਕਸੀਨ ਵਾਇਰਸ ਨਾਲ ਲੜਨ ਵਿਚ ਮਦਦ ਕਰਦੀ ਹੈ, ਇਸ ਨੂੰ ਫੈਲਣ ਤੋਂ ਨਹੀਂ ਰੋਕਦੀ।
ਟੀਕਾ ਲਗਾਉਣ ਤੋਂ ਬਾਅਦ ਵੀ ਮਾਸਕ ਪਾਉਣਾ ਲਾਜ਼ਮੀ ਹੈ। ਭਾਰਤ ਬਾਇਓਟੈਕ ਵਲੋਂ ਕੋਰੋਨਾ ਦੀ ਕੋਵੈਕਸੀਨ ਦਾ ਨਿਰਮਾਣ ਕੀਤਾ ਗਿਆ ਹੈ। ਟੀਕਾ ਨਿਰਮਾਤਾ ਕੰਪਨੀ ਨੇ ਕਿਹਾ ਕਿ ਭਾਰਤ ਅਤੇ ਦੁਨੀਆ ਭਰ ਵਿਚ ਟੀਕਾਕਰਨ ਮੁਹਿੰਮ ਨੂੰ ਸਮਰਥਨ ਦੇਣ ਲਈ ਭਾਰਤ ਬਾਇਓਟੈਕ ਨੇ ਆਪਣੇ ਟੀਕੇ ‘ਕੋਵੈਕਸੀਨ’ ਦੀ ਉਤਪਾਦਨ ਸਮਰੱਥਾ 700 ਮਿਲੀਅਨ ਖ਼ੁਰਾਕ ਸਲਾਨਾ ਵਧਾ ਦਿੱਤੀ ਹੈ।
ਦੱਸ ਦੇਈਏ ਕਿ ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ। ਕੋਰੋਨਾ ਪੀੜਤ ਵੱਧਣ ਕਾਰਨ ਦੇਸ਼ ’ਚ ਕੋਰੋਨਾ ਟੀਕਾਕਰਨ ਦੀ ਮੁਹਿੰਮ ਨੂੰ ਸਰਕਾਰ ਵਲੋਂ ਤੇਜ਼ ਕੀਤਾ ਜਾ ਰਿਹਾ ਹੈ, ਇਸ ਲਈ 18 ਸਾਲ ਤੋਂ ਉੱਪਰ ਦੀ ਉਮਰ ਵਾਲੇ ਲੋਕਾਂ ਨੂੰ 1 ਮਈ ਤੋਂ ਟੀਕਾ ਲੱਗੇਗਾ।