ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪਿਛਲੀ ਅਕਾਲੀ ਸਰਕਾਰ ਨੇ ਪ੍ਰਾਈਵੇਟ ਥਰਮਲਾਂ ਨਾਲ ਬਿਜਲੀ ਖਰੀਦਣ ਸਬੰਧੀ ਸਮਝੌਤੇ ਡਾ ਮਨਮੋਹਨ ਸਿੰਘ ਵੱਲੋਂ ਤਿਆਰ ਡਰਾਫਟ ਦੇ ਅਧਾਰ ਤੇ ਕੀਤੇ ਹਨ। ਉਨ੍ਹਾਂ ਆਖਿਆ ਕਿ ਜੇਕਰ ਪੰਜਾਬ ਸਰਕਾਰ ਨੂੰ ਕੁੱਝ ਗਲ੍ਹਤ ਲੱਗਦਾ ਹੈ ਤਾਂ ਇੰਨ੍ਹਾਂ ਬਿਜਲੀ ਸਮਝੌਤਿਆਂ ਨੂੰ ਰੱਦ ਕਰ ਸਕਦੀ ਹੈ ਪਰ ਲੋਕਾਂ ਨੂੰ ਬਿਜਲੀ ਪੂਰੀ ਦੇਵੇ। ਅੱਜ ਬਠਿੰਡਾ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਪੂਰੀ ਬਿਜਲੀ ਸਪਲਾਈ ਮੁਹੱਈਆ ਕਰਵਾਉਣ ’ਚ ਫੇਲ੍ਹ ਰਹੀ ਹੈ। ਬਾਦਲ ਨੇ ਅੱਜ ਵੱਖ ਵੱਖ ਮੁੱਦਿਆਂ ਨੂੰ ਲੈਕੇ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਭ੍ਰਿਸ਼ਟਾਚਾਰੀਆਂ ਦੀ ਪੁਸ਼ਤਪਨਾਹੀ ਦੇ ਦੋਸ਼ ਲਾਏ।
ਐਸ ਸੀ ਸਕਾਲਰਸ਼ਿਪ ਦਾ ਰਿਕਾਰਡ ਦੇਣ ਦੀ ਸੀ ਬੀ ਆਈ ਦੀ ਬੇਨਤੀ ਦੇ ਬਾਵਜੂਦ ਕਾਂਗਰਸ ਸਰਕਾਰ ਵੱਲੋਂ ਅਜਿਹਾ ਨਾਂ ਕਰਨ ਦੀ ਨਿਖੇਧੀ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਥਿਤ ਭ੍ਰਿਸ਼ਟ ਮੰਤਰੀ ਦੀ ਡਟਵੀਂ ਹਮਾਇਤ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਉਹਨਾਂ ਲੱਖਾਂ ਦਲਿਤ ਵਿਦਿਆਰਥੀਆਂ ਨੁੰ ਇਨਸਾਫ ਨਹੀਂ ਦੇਣਾ ਚਾਹੁੰਦੇ ਜਿਹਨਾਂ ਦਾ ਭਵਿੱਖ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਤਬਾਹ ਕਰ ਦਿੱਤਾ ਹੈ। 64 ਕਰੋੜ ਰੁਪਏ ਦੇ ਐਸ ਸੀ ਸਕਾਲਰਸ਼ਿਪ ਘੁਟਾਲੇ ਦੀ ਗੱਲ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸੀ ਬੀ ਆਈ ਦੇ ਚੰਡੀਗੜ੍ਹ ਦਫਤਰ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖ਼ਾ ਦੀ ਬੇਨਤੀ ਦੇ ਬਾਵਜੂਦ ਸਰਕਾਰ ਨੇ ਹਾਲੇ ਤੱਕ ਮਾਮਲੇ ਦੀ ਸਾਰੀ ਫਾਈਲ ਸੀ ਬੀ ਆਈ ਨੂੰ ਨਹੀਂ ਭੇਜੀ ਬਲਕਿ ਸੂਬਾ ਸਰਕਾਰ ਇਸ ਬੇਨਤੀ ’ਤੇ ਰੋਕ ਲਗਾ ਰਹੀ ਹੈ।
ਸੂਬਾ ਸਰਕਾਰ ਦੇ ਦਲਿਤ ਵਿਰੋਧੀ ਰਵੱਈਏ ਦੀ ਨਿਖੇਧੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੀ ਬੀ ਆਈ ਵੱਲੋਂ ਕੇਂਦਰੀ ਸਮਾਜਿਕ ਨਿਆਂ ਤੇ ਸ਼ਸਕਤੀਕਰਨ ਮੰਤਰਾਲੇ ਦੀ 30 ਜੂਨ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਨ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਨੂੰ ਨਾਂ ਕੇਵਲ ਤੁਰੰਤ ਬਰਖ਼ਾਸਤ ਬਲਕਿ ਉਸਦੇ ਖਿਲਾਫ ਫੌਜਦਾਰੀ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਸੀ। ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬੀ ਕਦੇ ਵੀ ਧਰਮਸੋਤ ਨੁੰ ਲੱਖਾਂ ਐਸ ਸੀ ਵਿਦਿਆਰਥੀਆਂ ਦਾ ਭਵਿੱਖ ਬਰਬਾਦ ਕਰਨ ਲਈ ਮੁਆਫ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਅਕਾਲੀ ਦਲ ਕੇਸ ਵਿਚ ਨਿਆਂ ਯਕੀਨੀ ਬਣਾਉਣ ਵਾਸਤੇ ਦ੍ਰਿੜ੍ਹ ਸੰਕਲਪ ਹੈ ਤੇ ਅਕਾਲੀ ਸਰਕਾਰ ਆਉਣ ’ਤੇ ਉਹ ਯਕੀਨੀ ਬਣਾਏਗਾ ਕਿ ਦਲਿਤ ਵਿਦਿਆਰਥੀਆਂ ਲਈ ਆਇਆ ਪੈਸਾ ਹੜੱਪਣ ਵਾਲੇ ਮੰਤਰੀ ਤੇ ਹੋਰ ਸਾਰੇ ਦੋਸ਼ੀਆਂ ਨੂੰ ਸਜ਼ਾ ਮਿਲੇ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਸੂਬੇ ਵਿਚ ਅਕਾਲੀ ਸਰਕਾਰ ਬਣਨ ’ਤੇ 400 ਕਰੋੜ ਰੁਪਏ ਦੇ ਜੇ ਸੀ ਟੀ ਇਲੈਕਟ੍ਰਾਕਿਸ ਦੇ ਪਲਾਟ ਵੇਚਣ ਦੇ ਘਪਲੇ ਦੀ ਨਿਸ਼ਚਿਤ ਸਮੇਂ ਅੰਦਰ ਜਾਂਚ ਦੇ ਹੁਕਮ ਵੀ ਜਾਰੀ ਕੀਤੇ ਜਾਣਗੇ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਮੁਹਾਲੀ ਵਿਚ 31 ਏਕੜ ਬੇਸ਼ਕੀਮਤੀ ਜ਼ਮੀਨ ਪੰਜਾਬ ਇਨਫੋਟੈਕ ਵਿਭਾਗ ਤੇ ਵਿੱਤ ਵਿਭਾਗ ਨੁੰ ਦਰਕਿਨਾਰ ਕਰ ਕੇ ਆਪਣੇ ਨੇੜਲਿਆਂ ਨੂੰ ਵੇਚਣ ਦੀ ਆਗਿਆ ਦੇ ਦਿੱਤੀ। ਉਹਨਾਂ ਕਿਹਾ ਕਿ ਨਾ ਸਿਰਫ 161 ਕਰੋੜ ਰੁਪਏ ਮੁਨਾਫਾ ਜੋ ਕਿ ਜਾਇਦਾਦ ਦੀ ਵਿਕਰੀ ’ਤੇ ਅੱਧਾ ਕੀਤਾ ਗਿਆ ਬਲਕਿ ਇਹ ਥਾਂ 5 ਹਜ਼ਾਰ ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਵੇਚ ਦਿੱਤੀ ਗਈ ਜਦਕਿ ਮਾਰਕੀਟ ਕੀਮਤ 30 ਹਜ਼ਾਰ ਰੁਪਏ ਪ੍ਰਤੀ ਗਜ਼ ਹੈ।
ਉਦਯੋਗ ਮੰਤਰੀ ਨੁੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਘੁਟਾਲੇ ਦੀ ਸੀ ਬੀ ਆਈ ਜਾਂ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਸ ਘੁਟਾਲੇ ਲਈ ਜ਼ਿੰਮੇਵਾਰ ਅਫਸਰਾਂ ਸਮੇਤ ਸਾਰੀਆਂ ਵੱਡੀਆਂ ਮੱਛੀਆਂ ਨੂੰ ਸਜ਼ਾ ਮਿਲ ਸਕੇ। ਇੱਕ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਲੰਬੀ ਦੀਆਂ ਦੋ ਕੁੜੀਆਂ ਸਿਮਰਨਜੀਤ ਕੌਰ ਤੇ ਕਮਲਪ੍ਰੀਤ ਕੌਰ ਸਮੇਤ ਪੰਜਾਬੀ ਖਿਡਾਰੀਆਂ ਦੇ ਉਲੰਪਿਕ ਪ੍ਰਦਰਸ਼ਨ ਵਿਚ ਲਾਮਿਸਾਲ ਪ੍ਰਦਰਸ਼ਨ ਤੋਂ ਸਾਬਤ ਹੁੰਦਾ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਵਿਚ ਖੇਡਾਂ ਬਾਰੇ ਲਹਿਰ ਸ਼ੁਰੂ ਕੀਤੀ ਸੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਟੇਡੀਅਮਾਂ ਸਮੇਤ ਸਾਰੀਆਂ ਖੇਡ ਸਹੂਲਤਾਂ ਕਾਂਗਰਸ ਰਾਜਕਾਲ ਦੌਰਾਨ ਅਣਗੌਲੀਆਂ ਪਈਆਂ ਹਨ।
ਉਹਨਾਂ ਕਿਹਾ ਕਿ ਮੈਂ ਪੰਜਾਬੀਆਂ ਨੂੰ ਵਾਅਦਾ ਕਰਦਾ ਹਾਂ ਕਿ ਸੂਬੇ ਵਿਚ ਅਕਾਲੀ ਸਰਕਾਰ ਬਣਨ ’ਤੇ ਅਕਾਲੀ ਦਲ ਖੇਡ ਨੀਤੀ ਲਿਆਵੇਗਾ ਤੇ ਘੁੱਦਾ ਸਪੋਰਟਸ ਸਕੂਲ ਵਾਂਗ ਹੀ ਹਰ ਜ਼ਿਲ੍ਹੇ ਵਿਚ ਸਪੋਰਟਸ ਸਕੂਲ ਖੋਲ੍ਹੇ ਜਾਣਗੇ। ਇਸ ਮੌਕੇ ਉਨ੍ਹਾਂ ਕਾਂਗਰਸ ਸੇਵਾ ਦਲ ਦੇ ਸੂਬਾ ਮੀਤ ਪ੍ਰਧਾਨ ਬਲਬੀਰ ਸਿੰਘ, ਬਠਿੰਡਾ ਸ਼ਹਿਰੀ ਪ੍ਰਧਾਨ ਸੁਰੇਸ਼ ਸ਼ਰਮਾ, ਮੀਤ ਪਧਾਨ ਗੋਪਾਲ ਮਹਿਤਾ, ਸਕੱਤਰ ਰਵਿੰਦਰ ਕੁਮਾਰ ਤੇ ਹੋਰ ਅਤੇ ਦੂਸਰੀਆਂ ਦੇ ਵਰਕਰਾਂ ਨੂੰ ਅਕਾਲੀ ਦਲ ’ਚ ਸ਼ਾਮਲ ਕੀਤਾ। ਉਨ੍ਹਾਂ ਆਖਿਆ ਕਿ ਬਲਬੀਰ ਸਿੰਘ ਨੂੰ ਪਾਰਟੀ ਦੀ ਗਵਰਨਿੰਗ ਕੌਂਸਲ ਵਿਚ ਸ਼ਾਮਲ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਹਾਜ਼ਰ ਸਨ।