ਤਰਨਤਾਰਨ ਦੇ ਪੱਟੀ ਵਿਚ ਦਿਨ ਦਿਹਾੜੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਵਾਰਦਾਤ ਸ਼ਹਿਰ ਦੇ ਸਰਹਾਲੀ ਰੋਡ ਉੱਤੇ ਵਾਪਰੀ ਹੈ ਜਿਥੇ ਨਦੋਹਰ ਚੌਕ ‘ਚ ਪੱਟੀ ਵਾਸੀ ਅਮਨ ਫ਼ੌਜੀ ਅਤੇ ਪੂਰਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਫਾਇਰਿੰਗ ਕਾਰਨ ਲੋਕਾਂ ’ਚ ਭਾਜੜਾਂ ਮੱਚ ਗਈਆਂ। ਇਸ ਵਾਰਦਾਤ ‘ਚ ਇਨ੍ਹਾਂ ਦਾ ਇਕ ਸਾਥੀ ਦਿਲਬਾਗ ਸਿੰਘ ਗੰਭੀਰ ਜ਼ਖਮੀ ਹੋ ਗਿਆ। ਗੰਭੀਰ ਹਾਲਤ ’ਚ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਿੰਨੋਂ ਪੀਰ ਬਾਬਾ ਬਹਾਰ ਸ਼ਾਹ ਦੀ ਦਰਗਾਹ ‘ਤੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ, ਜਦ ਕਾਰ ਸਵਾਰ ਦੋ ਵਿਅਕਤੀਆਂ ਵੱਲੋਂ ਇਨ੍ਹਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਕਿਸੇ ਹੋਰ ਗਰੋਹ ਨਾਲ ਇਨ੍ਹਾਂ ਦੀ ਕਾਫ਼ੀ ਸਮੇਂ ਤੋਂ ਖਹਿਬਾਜ਼ੀ ਚੱਲ ਰਹੀ ਸੀ। ਵੀਰਵਾਰ ਸਵੇਰੇ ਨਦੋਹਰ ਚੌਕ ’ਚ ਇਨ੍ਹਾਂ ਉੱਤੇ ਹਮਲਾ ਹੋਇਆ ਭਾਵੇਂ ਉਨ੍ਹਾਂ ਵੀ ਜਵਾਬੀ ਗੋਲੀਬਾਰੀ ਕੀਤੀ ਜਾਂ ਨਹੀਂ-ਇਹ ਹਾਲੇ ਸਪੱਸ਼ਟ ਨਹੀਂ ਹੋ ਸਕਿਆ। ਦੱਸਿਆ ਜਾ ਰਿਹਾ ਹੈ ਕਿ ਗੈਂਗਵਾਰ ’ਚ ਮਾਰੇ ਗਏ ਦੋਵੇਂ ਗੈਂਗਸਟਰਜ਼ ਵਿਰੁੱਧ ਮਾਮਲੇ ਦਰਜ ਹਨ। ਪੁਲਿਸ ਮਾਰੇ ਗਏ ਗੈਂਗਸਟਰਜ਼ ਦੇ ਪਿਛੋਕੜ ਵੀ ਖੰਗਾਲ਼ ਰਹੀ ਹੈ ਕਿ ਉਨ੍ਹਾਂ ਦੀ ਕਿਹੜੇ ਗੈਂਗ ਦੇ ਲੋਕਾਂ ਨਾਲ ਖ਼ਾਸ ਦੁਸ਼ਮਣੀ ਸੀ। ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਹਮਲਾਵਰ ਕੌਣ ਸਨ।ਮਿਲੀ ਜਾਣਕਾਰੀ ਦੇ ਮੁਤਾਬਿਕ ਮਿ੍ਤਕ ਨੌਜਵਾਨਾਂ ਦੀ ਪਛਾਣ ਪੂਰਨ ਸਿੰਘ ਤੇ ਅਮਨਦੀਪ ਸਿੰਘ ਅਮਨ ਫੋਜੀ ਪੁੱਤਰ ਬਲਵੀਰ ਸਿੰਘ ਵਾਸੀ ਪੱਟੀ ਵਜੋਂ ਦੱਸੀ ਗਈ ਹੈ। ਗੰਭੀਰ ਜ਼ਖ਼ਮੀ ਸ਼ੇਰਾ ਵੀ ਪੱਟੀ ਦਾ ਰਹਿਣ ਵਾਲਾ ਹੈ। ਮਿ੍ਤਕ ਅਮਨ ਫੌਜੀ ਇਲਾਕੇ ਦੇ ਪ੍ਰਮੁੱਖ ਅਕਾਲੀ ਆਗੂ ਦੇ ਨੇੜਲਿਆਂ ਵਿੱਚੋਂ ਦੱਸਿਆ ਜਾਂਦਾ ਹੈ। ਸਥਾਨਕ ਪੁਲੀਸ ਇਸ ਘਟਨਾ ਨੂੰ ਗੈਂਗਵਾਰ ਵਜੋਂ ਵੇਖ ਰਹੀ ਹੈ। ਪੁਲਿਸ ਵੱਲੋਂ ਹੁਣ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।