‘ਆਪਰੇਸ਼ਨ ਕਲੀਨ’ ਦੀਆਂ ਖਬਰਾਂ ਦੇ ਵਿਚਕਾਰ ਹੁਣ ਹਰਿਆਣਾ ਸਰਕਾਰ ਨੇ ਦਿੱਲੀ ਬਾਰਡਰਾਂ ‘ਤੇ ਬੈਠੇ ਕਿਸਾਨਾਂ ਲਈ ਵੱਡਾ ਫ਼ੈਸਲਾ ਲਿਆ। ਦਿੱਲੀ ‘ਚ ਬੈਠੇ ਕਿਸਾਨਾਂ ਦਾ ਹੁਣ ਕੋਰੋਨਾ ਟੈਸਟ ਕਰਾਇਆ ਜਾਵੇਗਾ। ਹੋਰ ਤਾਂ ਹੋਰ ਕੋਰੋਨਾ ਟੀਕਾ ਵੀ ਲਾਇਆ ਜਾਵੇਗਾ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਹਰਿਆਣਾ ਵਿੱਚ ਰਹਿੰਦੇ ਹਰ ਵਿਅਕਤੀ ਦੀ ਸਿਹਤ ਦੀ ਚਿੰਤਾ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਕਿਸਾਨ ਕਈ ਥਾਵਾਂ ‘ਤੇ ਧਰਨੇ ‘ਤੇ ਬੈਠੇ ਹਨ, ਜਿਨ੍ਹਾਂ ਦਾ ਕੋਰੋਨਾ ਟੈਸਟ ਹੋਵੇਗਾ ਤੇ ਉਨ੍ਹਾਂ ਦੇ ਟੀਕਾ ਵੀ ਲਾਇਆ ਜਾਵੇਗਾ। ਦੱਸ ਦਈਏ ਕਿ ਕਿਸਾਨ ਦਿੱਲੀ ਦੀਆਂ ਹੱਦਾਂ ‘ਤੇ ਕਈ ਥਾਵਾਂ ‘ਤੇ ਧਰਨੇ ‘ਤੇ ਬੈਠੇ ਹਨ। ਮੁੱਖ ਤੌਰ ‘ਤੇ ਸਿੰਘੂ ਤੇ ਟਿਕਰੀ ਹੱਦ ‘ਤੇ ਕਿਸਾਨ ਲਗਪਗ 4 ਮਹੀਨਿਆਂ ਤੋਂ ਧਰਨੇ ‘ਤੇ ਬੈਠੇ ਹਨ ਤੇ ਤਿੰਨੇ ਖੇਤੀ ਕਾਨੂਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਪਰ ਕੇਂਦਰ ਸਰਕਾਰ ਵੱਲੋਂ ਡੈੱਡਲਾਕ ਤੋੜਨ ਲਈ ਕੋਈ ਕਦਮ ਨਹੀਂ ਵਧਾਇਆ ਜਾ ਰਿਹਾ। ਹਾਲਾਂਕਿ ਕਿਸਾਨ ਕਹਿ ਚੁੱਕੇ ਹਨ ਕਿ ਜੇ ਕੇਂਦਰ ਗੱਲਬਾਤ ਲਈ ਸੱਦੇਗੀ ਤਾਂ ਅਸੀਂ ਜ਼ਰੂਰ ਜਾਵਾਂਗੇ। ਪਰ ਇਸ ਸਭ ਵਿਚਾਲੇ ਹੁਣ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਕਿ ਕੇਂਦਰ ਕੋਰੋਨਾ ਦੀ ਆੜ ‘ਚ ਕਿਸਾਨੀ ਅੰਦੋਲਨ ਨੂੰ ਖਤਮ ਕਰਾਉਣ ਦੀ ਰਣਨੀਤੀ ਬਣਾ ਰਿਹਾ ਹੈ। ਕਿਸਾਨਾਂ ਨੇ ਵੀ ਸਾਫ਼ ਕਹਿ ਦਿੱਤਾ ਕਿ ਕਰੋਨਾ ਦਾ ਡਰ ਦਿਖਾ ਕੇ ਸਰਕਾਰ ਸਾਨੂੰ ਇੱਥੋਂ ਹਿਲਾ ਨਹੀਂ ਸਕਦੀ। ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਤਦ ਤੱਕ ਅਸੀਂ ਦਿੱਲੀ ਦੀਆਂ ਹੱਦਾਂ ਖਾਲੀ ਨਹੀਂ ਕਰਾਂਗੇ।