ਅੱਜ ਤੋਂ ਫਿਰ ਸਰਕਾਰੀ ਹਸਪਤਾਲਾਂ ਦੇ ਡਾਕਟਰ ਹੜਤਾਲ ‘ਤੇ ਹਨ| ਪੰਜਾਬ ਸਰਕਾਰ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤੋਂ ਖਫਾ ਡਾਕਟਰ ਨੇ ਹੜਤਾਲ ਫਿਰ ਸ਼ੁਰੂ ਕਰ ਦਿੱਤੀ ਹੈ। ਡਾਕਟਰਾਂ ਨੇ ਕਿਹਾ ਕਿ ਇਹ ਫ਼ੈਸਲਾ ਸਰਕਾਰ ਵੱਲੋਂ ਐਨਪੀਏ ਦੇ ਮੁੱਦੇ ’ਤੇ ਕੋਈ ਜਵਾਬ ਨਾ ਦੇਣ ਉੱਤੇ ਲਿਆ ਹੈ। ਇਸ ਦੌਰਾਨ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ ਹਾਲਾਂਕਿ ਲੋਕ ਹਿੱਤ ਵਿਚ ਐਮਰਜੈਂਸੀ, ਸੇਵਾਵਾਂ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ।
ਸੂਬੇ ਦੇ ਸਿਹਤ ਮੰਤਰੀ ਨੇ ਹਾਲ ਹੀ ਵਿਚ ਸਾਂਝੀ ਕਮੇਟੀ ਨੂੰ ਭਰੋਸਾ ਦਿਵਾਇਆ ਸੀ ਕਿ ਐਨਪੀਏ ਦਾ ਮਸਲਾ ਹਫ਼ਤੇ ਵਿੱਚ ਸੁਲਝਾ ਲਿਆ ਜਾਵੇਗਾ ਪਰ ਇਸ ਬਾਰੇ ਕੋਈ ਫ਼ੈਸਲਾ ਹਾਲੇ ਤੱਕ ਨਹੀਂ ਲਿਆ ਗਿਆ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੰਤਰੀਆਂ ਦੇ ਗਰੁੱਪ ਨੂੰ ਅਧਿਕਾਰੀਆਂ ਦੀ ਕਮੇਟੀ ਤੋਂ ਰਿਪੋਰਟ ਮਿਲ ਗਈ ਹੈ ਤੇ ਇਹ ਅਗਲੇ ਹਫ਼ਤੇ ਬੈਠਕ ਕਰੇਗੀ।ਉਨ੍ਹਾਂ ਕਿਹਾ ਕਿ ਸਰਕਾਰ ਡਾਕਟਰਾਂ ਦੀਆਂ ਮੰਗਾਂ ਉਤੇ ਸਕਾਰਾਤਮਕ ਹੋ ਕੇ ਵਿਚਾਰ ਕਰ ਰਹੀ ਹੈ।