ਦਿੱਲੀ ਦੇ ਜੰਤਰ-ਮੰਤਰ ਵਿਖੇ ਕਿਸਾਨਾਂ ਦੇ ਵਿਰੋਧ ਵਾਲੀ ਥਾਂ ‘ਤੇ ਇੱਕ ਪੱਤਰਕਾਰ ‘ਤੇ ਹੋਏ ਕਥਿਤ ਹਮਲੇ ਦੀ ਨਿੰਦਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਤੋਂ ਕਿਸਾਨਾਂ ਨੂੰ ‘ਗੁੰਡੇ’ ਕਹਿਣ ਲਈ ਅਸਤੀਫਾ ਦੇਣ ਦੀ ਮੰਗ ਕੀਤੀ।
ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਦੇ ਵੱਲੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ 3 ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਖੇਤੀ ਕਾਨੂੰਨਾਂ ਵਿਰੁੱਧ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਾਰਟੀ ਦੀ ਕਿਸਾਨ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸੱਤਾਧਾਰੀ ਧਿਰ ਦੀ ਅਸਹਿਮਤੀ ਅਤੇ ਵਿਰੋਧ ਦੇ ਦੀਆਂ ਅਵਾਜ਼ਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਐਨਡੀਏ ਸਰਕਾਰ ਕਿਸਾਨਾਂ ਦੀ ਭਾਵਨਾ ਨੂੰ ਤੋੜਨ ਵਿਚ ਅਸਫਲ ਰਹੀ ਹੈ। ਦੈਨਿਕ ਭਾਸਕਰ ਮੀਡੀਆ ਸਮੂਹ ‘ਤੇ ਆਈ ਟੀ ਦੀ ਛਾਪੇਮਾਰੀ ਦੀ ਤਾਜ਼ਾ ਘਟਨਾ ਦਾ ਹਵਾਲਾ ਦਿੰਦੇ ਹੋਏ ਕੈਪਟਨ ਨੇ ਕਿਸਾਨਾਂ ਦੀ ਹਰ ਇਕ ਅਵਾਜ, ਜੋ ਐਨ.ਡੀ.ਏ ਸਰਕਾਰ ਖਿਲਾਫ ਬੋਲਣ ਦੀ ਹਿੰਮਤ ਰਖਦਾ ਹੈ, ਨੂੰ ਦਬਾਉਣ ਲਈ ਉਨ੍ਹਾਂ ਸਖਤ ਨਿੰਦਾ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਕਿਸਾਨੀ ਪਾਰਲੀਮੈਂਟ ਨੂੰ ਕਵਰ ਕਰਨ ਵਾਲੇ ਪੱਤਰਕਾਰ ‘ਤੇ ਹਮਲਾ ਸ਼ਰਮਨਾਕ ਸੀ ਅਤੇ ਦੋਸ਼ੀ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ, ਪਰ ਕੇਂਦਰੀ ਮੰਤਰੀ ਦੀ ਪ੍ਰਤੀਕ੍ਰਿਆ ਪੂਰੀ ਤਰ੍ਹਾਂ ਬੇਲੋੜੀ ਅਤੇ ਭੜਕਾਊ ਸੀ।