ਸ਼ਿਵ ਸੈਨਾ ਪਾਰਟੀ ਮੁਖੀ ਊਧਵ ਠਾਕਰੇ ਨੇ ਕਿਹਾ ਸੰਸਦ ਮੈਂਬਰ ਸੰਜੈ ਰਾਊਤ ਨੂੰ ਗ੍ਰਿਫ਼ਤਾਰ ਕਰਨ ਲਈ ਭਾਜਪਾ ਦੀ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਸੰਜੈ ’ਤੇ ਮਾਣ ਹੈ ਕਿਉਂਕਿ ਉਹ ਕਿਸੇ ਦਬਾਅ ਹੇਠ ਨਹੀਂ ਝੁਕਿਆ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਰਾਊਤ ਨੂੰ ਕੱਟੜ ਸ਼ਿਵ ਸੈਨਿਕ ਕਰਾਰ ਦਿੱਤਾ।
‘ਉਸ ਨੇ ਕੀ ਜੁਰਮ ਕੀਤਾ ਹੈ? ਉਹ ਪੱਤਰਕਾਰ ਅਤੇ ਸ਼ਿਵ ਸੈਨਿਕ ਹੈ ਅਤੇ ਕਿਸੇ ਤੋਂ ਡਰਦਾ ਨਹੀਂ ਹੈ।’ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਸਿਆਸੀ ਬਦਲਾਖੋਰੀ ਦਾ ਮਾਮਲਾ ਹੈ। ਇਸ ਦੌਰਾਨ ਊਧਵ ਠਾਕਰੇ ਨੇ ਸੰਜੈ ਰਾਊਤ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ।
ਉਹ ਪਾਰਟੀ ਦੇ ਸੰਸਦ ਮੈਂਬਰ ਅਰਵਿੰਦ ਸਾਵੰਤ, ਵਿਧਾਇਕ ਰਵਿੰਦਰ ਵਾਇਕਰ ਅਤੇ ਸ਼ਿਵ ਸੈਨਾ ਆਗੂ ਮਿਲਿੰਦ ਨਾਰਵੇਕਰ ਨਾਲ ਭਾਂਡੁਪ ਸਥਿਤ ਰਾਊਤ ਦੀ ਰਿਹਾਇਸ਼ ’ਤੇ ਗਏ ਜਿੱਥੇ ਉਹ ਰਾਊਤ ਦੀ ਬਜ਼ੁਰਗ ਮਾਂ, ਪਤਨੀ, ਧੀਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਮਿਲੇ।
ਜਿਕਰਯੋਗ ਹੈ ਕਿ ਰਾਊਤ ਨੂੰ ਜਦੋਂ ਈਡੀ ਵਾਲੇ ਲੈ ਕੇ ਜਾ ਰਹੇ ਸਨ ਤਾਂ ਉਨ੍ਹਾਂ ਦੀ ਮਾਂ ਅਤੇ ਪਤਨੀ ਭਾਵੁਕ ਹੋ ਗਏ ਸਨ। ਰਾਊਤ ਦੇ ਭਰਾ ਅਤੇ ਪਾਰਟੀ ਵਿਧਾਇਕ ਸੁਨੀਲ ਰਾਊਤ ਨੇ ਕਿਹਾ ਕਿ ਠਾਕਰੇ ਗ੍ਰਿਫ਼ਤਾਰ ਕੀਤੇ ਗਏ ਆਗੂ ਦੇ ਪਰਿਵਾਰ ਨਾਲ ਡਟ ਕੇ ਖੜ੍ਹੇ ਹਨ।