ਲੱਖਾ ਸਿਧਾਣਾ ਦੇ ਭਰਾ ‘ਤੇ ਪੁਲਿਸ ਤਸ਼ੱਦਦ ਦੇ ਮਾਮਲੇ ‘ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਕਿਸਾਨ ਸੰਘਰਸ਼ ਵਿੱਚ ਸਰਗਰਮ ਲੱਖਾ ਸਿਧਾਣਾ ਦੇ ਭਰਾ ਨੂੰ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਵੱਲੋਂ ਅਗਵਾ ਕਰਕੇ ਕੁੱਟਮਾਰ ਕਰਨ ਦੇ ਮਾਮਲੇ ‘ਚ ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ 15 ਦਿਨਾਂ ‘ਚ ਜਵਾਬ ਦਾਇਰ ਕਰਨ ਦਾ ਹੁਕਮ ਦਿੱਤਾ ਹੈ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਹੈ। ਸਿਰਸਾ ਨੇ ਦੱਸਿਆ ਕਿ ਜੱਜ ਨੇ ਕਿਹਾ ਹੈ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਬਹੁਤ ਵੱਡੀ ਹਿੰਸਾ ਹੈ ਤੇ ਸੂਬਾ ਸਰਕਾਰ ਤੁਰੰਤ ਇਸ ‘ਤੇ ਜਵਾਬ ਦਾਇਰ ਕਰੇ ਕਿ ਕਿਉਂ ਹੁਣ ਤੱਕ ਉਨ੍ਹਾਂ ਨੇ ਕਾਰਵਾਈ ਨਹੀਂ ਕੀਤੀ। ਉੱਥੇ ਹੀ ਡੀਸੀਪੀ ਦਿੱਲੀ ਪੁਲਿਸ ਨੂੰ ਵੀ ਨੋਟਿਸ ਜਾਰੀ ਹੋਇਆ ਹੈ। ਮਨਜਿੰਦਰ ਸਿਰਸਾ ਨੇ ਇਸਨੂੰ ਵੱਡੀ ਜਿੱਤ ਦੱਸਿਆ। ਸਿਰਸਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ 15 ਦਿਨਾਂ ਵਿੱਚ ਪੰਜਾਬ ਪੁਲਿਸ ਮੁਕੱਦਮਾ ਦਰਜ ਕਰਕੇ ਫਾਈਲ ਦਾਇਰ ਕਰੇਗੀ ਤੇ ਦਿੱਲੀ ਪੁਲਿਸ ਨੂੰ ਇਸ ਲਈ ਅੰਜਾਮ ਭੁਗਤਣੇ ਪੈਣਗੇ।