ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ 29 ਮਈ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਪਿੰਡ ਮੂਸੇਵਾਲਾ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਾਲ ਹੀ ‘ਚ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਵੈਨਕੂਵਰ ‘ਚ ਆਪਣਾ ਸੰਗੀਤ ਸਮਾਰੋਹ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕੰਸਰਟ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਹੈ, ਜਿਸ ‘ਚ ਦਿਲਜੀਤ ਆਪਣੇ ਗੀਤਾਂ ਅਤੇ ਬੋਲਾਂ ਰਾਹੀਂ ਸੰਗੀਤਕ ਅਤੇ ਭਾਵਪੂਰਤ ਢੰਗ ਨਾਲ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਨਜ਼ਰ ਆ ਰਹੇ ਹਨ।
ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੰਸਰਟ ਦੀਆਂ ਕਈ ਫੋਟੋ-ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਪ੍ਰਸ਼ੰਸਕਾਂ ਦੀ ਭਾਰੀ ਭੀੜ ਦੇਖੀ ਜਾ ਸਕਦੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਲਿਖਿਆ- ‘One Love’। ਸ਼ੇਅਰ ਕੀਤੀ ਫੋਟੋ-ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬੈਕਗ੍ਰਾਊਂਡ ‘ਚ ਇਕ ਡਿਜੀਟਲ ਬੈਨਰ ਵੀ ਲਗਾਇਆ ਗਿਆ ਹੈ, ਜਿਸ ‘ਤੇ ਲਿਖਿਆ ਹੈ- ‘ਇਹ ਸ਼ੋਅ ਸਾਡੇ ਭਰਾਵਾਂ ਨੂੰ ਸਮਰਪਿਤ ਹੈ’ (This Show Is Dedicated To Our Brothers)। ਦਿਲਜੀਤ ਨੇ ਜਿਵੇਂ ਹੀ ਆਪਣੇ ਕੰਸਰਟ ‘ਚ ਸਿੱਧੂ ਮੂਸੇਵਾਲਾ ਦਾ ਨਾਂ ਲਿਆ, ਤਾੜੀਆਂ ਦੀ ਗੂੰਜ ਸ਼ੁਰੂ ਹੋ ਗਈ ਅਤੇ ਲੋਕ ਉੱਚੀ-ਉੱਚੀ ਮੂਸੇਵਾਲਾ ਦਾ ਨਾਂ ਲੈਣ ਲੱਗੇ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਦਿਲਜੀਤ ਮੂਸੇਵਾਲਾ ਦੀ ਯਾਦ ‘ਚ ਇਕ ਖਾਸ ਗੀਤ ਵੀ ਗਾਉਂਦੇ ਹਨ। ਇਸ ਤੋਂ ਇਲਾਵਾ ਦਿਲਜੀਤ ਨੇ ਇਕ ਭਾਵੁਕ ਪਲ ਬਾਰੇ ਵੀ ਦੱਸਿਆ ਕਿ, ਜਦੋਂ ਮੂਸੇਵਾਲਾ ਦੇ ਪਿਤਾ ਨੇ ਆਪਣੇ ਬੇਟੇ ਦੇ ਅੰਤਿਮ ਸੰਸਕਾਰ ‘ਤੇ ਆਪਣੀ ਪੱਗ ਲਾਹ ਦਿੱਤੀ ਸੀ। ਉਨ੍ਹਾਂ ਕਿਹਾ ਕਿ ‘ਮੈ ਤੁਹਾਡਾ ਤੇ ਤੁਹਾਡੀ ਪੱਗ ਦਾ ਬਹੁਤ ਸਤਿਕਾਰ ਕਰਦਾ ਹਾਂ।’ ਦਿਲਜੀਤ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਪੰਜਾਬੀ ਭਾਈਚਾਰੇ ਨੂੰ ਹਮੇਸ਼ਾ ਇਕੱਠੇ ਰਹਿਣ ਦੀ ਸਲਾਹ ਦਿੱਤੀ, ਕਿਉਂਕਿ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਸਾਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਦਿਲਜੀਤ ਨੇ ਪੰਜਾਬੀਆਂ ਤੇ ਮੂਸੇਵਾਲਾ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਮੂਸੇਵਾਲੇ ਦੇ ਹੀ ਬੋਲ ਰਾਹੀਂ ਸੁਚੇਤ ਕੀਤਾ। ਉਨ੍ਹਾਂ ਕਿਹਾ ਕਿ ‘ਮੂਸੇਵਾਲਾ ਦਾ ਨਾਂ ਦਿਲ ‘ਤੇ ਲਿਖਿਆ ਹੋਇਆ ਹੈ, ਇਸ ਨੂੰ ਮਿਟਾਉਣ ਲਈ ਬਹੁਤ ਸਮਾਂ ਲੱਗੇਗਾ।’