ਅਫ਼ਗਾਨਿਸਤਾਨ ਦੇ ਵਿੱਚ ਮਾਹੌਲ ਬਹੁਤ ਖਰਾਬ ਹੋ ਚੁੱਕੇ ਹਨ ਪਿਛਲੇ ਕਈ ਦਿਨਾਂ ਤੋਂ ਬਹੁਤ ਸਾਰੀਆਂ ਖਬਰਾ ਆ ਰਹੀਆਂ ਹਨ ਜਿਸ ਨੂੰ ਲੈ ਕੇ ਬਹੁਤ ਸਾਰੇ ਲੋਕ ਡਰੇ ਹੋਏ ਸਨ | ਭਾਰਤ ਦੇ ਬਹੁਤ ਸਾਰੇ ਸਿੱਖ ਅਫ਼ਗਾਨਿਸਤਾਨ ਦੇ ਗੁਰਦੁਆਰਾ ਸਾਹਿਬ ਵਿੱਚ ਬੈਠੇ ਸਨ ਜਿੰਨਾਂ ਦੇ ਵਿੱਚੋਂ ਬਹੁਤ ਸਾਰੇ ਸਿੱਖ ਸੁਰੱਖਿਅਤ ਭਾਰਤ ਲਿਆਂਦੇ ਗਏ ਹਨ| ਇਸ ਦੇ ਨਾਲ ਹੀ ਅਫ਼ਗਾਨਿਤਸਾਨ ਤੋਂ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲੈਣ ਲਈ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਕਮੇਟੀ ਦੀ ਟੀਮ ਦਿੱਲੀ ਵਿਖੇ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੀ।
ਇਥੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਾਵਨ ਸਰੂਪ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤੇ ਗਏ ਤੇ ਫਿਰ ਇਨ੍ਹਾਂ ਨੂੰ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਨਿਊ ਮਹਾਵੀਰ ਨਗਰ ਪੱਛਮੀ ਦਿੱਲੀ ਵਿਚ ਆਦਰ-ਸਤਿਕਾਰ ਨਾਲ ਲਿਆ ਕੇ ਸੁਸ਼ੋਭਿਤ ਕੀਤਾ ਗਿਆ। ਸਿਰਸਾ ਨੇ ਦੱਸਿਆ ਕਿ ਤਿੰਨ ਵਿਚੋਂ ਦੋ ਸਰੂਪਾਂ ਦਾ ਸੁੱਖ ਆਸਨ ਕਰਵਾ ਦਿੱਤਾ ਗਿਆ ਹੈ ਤੇ ਇਕ ਸਰੂਪ ਦਾ ਸੰਗਤਾਂ ਦੇ ਦਰਸ਼ਨਾਂ ਵਾਸਤੇ ਪ੍ਰਕਾਸ਼ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਜਿਹੜੇ ਸਿੱਖ ਤੇ ਹਿੰਦੂ ਪਰਿਵਾਰ ਇੱਥੇ 2020 ਅਤੇ 2021 ਵਿਚ ਆਏ ਹਨ, ਉਨ੍ਹਾਂ ਨੂੰ ਇੱਥੇ ਦੀ ਨਾਗਰਿਕਤਾ ਦਿੱਤੀ ਜਾਵੇ ਤਾਂ ਜੋ ਇਹ ਲੋਕ ਇੱਥੇ ਵੱਸ ਸਕਣ। ਸਿਰਸਾ ਨੇ ਨਾਲ ਹੀ ਦੱਸਿਆ ਕਿ ਹਾਲੇ ਵੀ 225 ਸਿੱਖ ਤੇ ਹਿੰਦੂ ਅਫ਼ਗਾਨਿਸਤਾਨ ਵਿਚ ਹਨ। ਉਨ੍ਹਾਂ ਦੱਸਿਆ ਕਿ ਸੋਮਵਾਰ 75 ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਅਚਾਨਕ ਹਾਲਾਤ ਖਰਾਬ ਹੋ ਗਏ ਤੇ ਸਾਰੇ ਲੋਕ ਨਹੀਂ ਲਿਆਂਦੇ ਜਾ ਸਕੇ।