ਦੇਸ਼ ਦੀ ਰਾਸ਼ਟਰੀ ਰਾਜਧਾਨੀ ਵਿੱਚ ਕੋਰੋਨਾ ਦਾ ਪ੍ਰਕੋਪ ਭਾਵੇਂ ਪਹਿਲਾਂ ਹੀ ਘੱਟ ਗਿਆ ਹੋਵੇ, ਪਰ ਦਿੱਲੀ ਵਿੱਚ ਵੀਕੈਂਡ ਕਰਫਿਊ ਅਤੇ ਬਾਜ਼ਾਰਾਂ ਵਿੱਚ ਔਡ-ਈਵਨ ਦਾ ਰਾਜ ਜਾਰੀ ਰਹੇਗਾ। ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਵੀਕੈਂਡ ਕਰਫਿਊ ਹਟਾਉਣ ਅਤੇ ਬਾਜ਼ਾਰਾਂ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੇ ਕੇਜਰੀਵਾਲ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਫਿਲਹਾਲ ਰਾਜਧਾਨੀ ‘ਚ ਸਿਰਫ 50 ਫੀਸਦੀ ਦੇ ਨਾਲ ਪ੍ਰਾਈਵੇਟ ਦਫਤਰ ਹੀ ਖੁੱਲ੍ਹ ਸਕਣਗੇ।
ਕੋਵਿਡ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ, ਦਿੱਲੀ ਵਿੱਚ ਲਗਾਇਆ ਗਿਆ ਵੀਕੈਂਡ ਕਰਫਿਊ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਹੈ। ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਡੀਡੀਐਮਏ) ਨੇ 1 ਜਨਵਰੀ ਨੂੰ ਸ਼ਹਿਰ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਸੀ।
ਕੰਮਕਾਜੀ ਦਿਨਾਂ ਦੌਰਾਨ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਪਹਿਲਾਂ ਹੀ ਲਾਗੂ ਹੈ। ਡੀਡੀਐਮਏ ਨੇ ਗੈਰ-ਜ਼ਰੂਰੀ ਸੇਵਾਵਾਂ ਵਿੱਚ ਲੱਗੇ ਸਾਰੇ ਨਿੱਜੀ ਦਫਤਰਾਂ ਨੂੰ ਬੰਦ ਕਰਨ ਸਮੇਤ ਹੋਰ ਪਾਬੰਦੀਆਂ ਵੀ ਲਗਾਈਆਂ ਸਨ।
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ੁੱਕਰਵਾਰ ਨੂੰ ਰਾਜਧਾਨੀ ਵਿੱਚ ਕੋਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ਦਿੱਲੀ ਵਿੱਚ ਕੋਵਿਡ ਦੇ ਮਾਮਲੇ ਘਟੇ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੁਝ ਫੈਸਲੇ ਲਏ ਹਨ। ਹੁਣ ਵੀਕੈਂਡ ਕਰਫਿਊ ਹਟਾ ਦਿੱਤਾ ਜਾਵੇਗਾ।
ਪ੍ਰਾਈਵੇਟ ਸੈਕਟਰ 50% ਸਮਰੱਥਾ ਨਾਲ ਕੰਮ ਕਰੇਗਾ। ਬਜ਼ਾਰਾਂ ਵਿੱਚ ਦੁਕਾਨਾਂ ਲਈ ਬਣਾਏ ਗਏ ‘ਓਡ-ਈਵਨ’ ਨਿਯਮ ਨੂੰ ਵੀ ਖਤਮ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਨੂੰ ਇਸ ਦੀ ਇਜਾਜ਼ਤ ਲਈ ਪੱਤਰ ਭੇਜਿਆ ਹੈ। ਉਪ ਰਾਜਪਾਲ ਤੋਂ ਮਨਜ਼ੂਰੀ ਮਿਲਦੇ ਹੀ ਇਸ ਨੂੰ ਦਿੱਲੀ ਵਿੱਚ ਲਾਗੂ ਕਰ ਦਿੱਤਾ ਜਾਵੇਗਾ।