ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਦਿੱਲੀ ਪੁਲਿਸ ਵੱਲੋਂ ਦਾਇਰ ਕੀਤੀ ਚਾਰਜਸ਼ੀਟ ਵਿੱਚ ਕੀਤੇ ਗਏ ਖੁਲਾਸੇ ਤੇ ਪਲਟਵਾਰ ਕਰਦਿਆ ਕਿਹਾ ਕਿ ‘ਸਾਡਾ ਲਾਲ ਕਿਲ੍ਹੇ ‘ਤੇ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ ਸੀ। ਅਸੀਂ 26 ਜਨਵਰੀ ਨੂੰ ਸਵੇਰੇ 9:45 ਵਜੇ ਚੱਲੇ ਸੀ। ਅਸੀਂ ਚਾਰ-ਪੰਜ ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ ਨੇ ਓਪਨ ਗੱਡੀ ਦੇ ਵਿੱਚ ਅਗਵਾਈ ਕਰਕੇ ਦਿੱਲੀ ਵੱਲ ਨੂੰ ਚਾਲੇ ਪਾਏ ਸਨ। ਸਾਨੂੰ ਟਰੈਕਟਰ ਮਾਰਚ ਲਈ ਜੋ ਰੂਟ ਮਿਲਿਆ ਸੀ, ਉਸ ਰੂਟ ‘ਤੇ ਦਿੱਲੀ ਪੁਲਿਸ ਸਾਹਮਣੇ ਖੜ੍ਹੀ ਸੀ ਅਤੇ ਪੁਲਿਸ ਵੱਲੋਂ ਸਾਨੂੰ ਰੋਕਿਆ ਜਾ ਰਿਹਾ ਸੀ ਕਿ ਤੁਸੀਂ ਇੱਧਰ ਨਹੀਂ, ਦਿੱਲੀ ਵੱਲ ਜਾਉ। ਪੁਲਿਸ ਨੇ ਕਿਹਾ ਕਿ ਤੁਸੀਂ ਸਿੱਧਾ ਦਿੱਲੀ ਵੱਲ ਜਾਉ, ਨਹੀਂ ਤਾਂ ਤੁਹਾਡੀ ਗੱਡੀ ਭੰਨ ਦਿਆਂਗੇ। ਸਾਨੂੰ ਜ਼ਬਰਦਸਤੀ ਲਾਲ ਕਿਲ੍ਹੇ ਵੱਲ ਮੋੜਿਆ ਗਿਆ।
ਕਿਸਾਨ ਲੀਡਰ ਬੂਟਾ ਸਿੰਘ ਬੁਰਜਗਿੱਲ ਨੇ ਦਿੱਲੀ ਪੁਲਿਸ ਵੱਲੋਂ ਚਾਰਜਸ਼ੀਟ ਵਿੱਚ ਕੀਤੇ ਗਏ ਖੁਲਾਸੇ ਨੂੰ ਨਕਾਰਦਿਆਂ ਕਿਹਾ ਕਿ ‘ਲਾਲ ਕਿਲ੍ਹੇ ‘ਤੇ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ ਸੀ, ਸਰਕਾਰ ਨੇ ਇੱਕ ਸਾਜਿਸ਼ ਘੜੀ ਸੀ। ਕੁੱਝ ਸ਼ਰਾਰਤੀ ਅਨਸਰਾਂ ਨੇ ਲਾਲ ਕਿਲ੍ਹੇ ‘ਤੇ ਘਟਨਾ ਨੂੰ ਅੰਜ਼ਾਮ ਦਿੱਤਾ ਸੀ। ਕਿਸਾਨ ਲੀਡਰਾਂ ਨੇ ਲਾਲ ਕਿਲ੍ਹੇ ਨੂੰ ਜਾਂਦੇ ਰਸਤਿਆਂ ‘ਤੇ ਨਹੀਂ ਜਾਣਾ ਸੀ, ਦਿੱਲੀ ਪੁਲਿਸ ਨੇ ਜਾਣ-ਬੁੱਝ ਕੇ ਉਹ ਰਸਤੇ ਖੋਲ੍ਹੇ ਸਨ।ਦਿੱਲੀ ਪੁਲਿਸ ਨੇ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਿੱਚ ਦਾਇਰ ਕੀਤੀ ਆਪਣੀ ਚਾਰਜਸ਼ੀਟ ਵਿੱਚ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ਦੇ ਉੱਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ ਗਈ ਸੀ। ਲਾਲ ਕਿਲ੍ਹੇ ‘ਤੇ ਕੁੱਝ ਲੋਕ ਪੱਕਾ ਧਰਨਾ ਲਾਉਣਾ ਚਾਹੁੰਦੇ ਸਨ।
ਚਾਰਜਸ਼ੀਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਟਰੈਕਟਰ ਰੈਲੀ ਦੌਰਾਨ ਬਜ਼ੁਰਗਾਂ ਨੂੰ ਅੱਗੇ ਰੱਖਿਆ ਗਿਆ। ਪੁਲਿਸ ਨੇ ਕਿਹਾ ਕਿ ਬਜ਼ੁਰਗਾਂ ਨੂੰ ਅੱਗੇ ਇਸ ਲਈ ਰੱਖਿਆ ਗਿਆ ਕਿਉਂਕਿ ਬਜ਼ੁਰਗਾਂ ‘ਤੇ ਪੁਲਿਸ ਜਲਦੀ ਲਾਠੀਚਾਰਜ ਜਾਂ ਹੱਥ ਨਹੀਂ ਚੁੱਕੇਗੀ।ਪੁਲਿਸ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੇ ਟਰੈਕਟਰ ਮਾਰਚ ਲਈ 26 ਜਨਵਰੀ ਦੀ ਤਰੀਕ ਨੂੰ ਹੀ ਕਿਉਂ ਚੁਣਿਆ। ਦਿੱਲੀ ਪੁਲਿਸ ਨੇ ਕਿਹਾ ਕਿ ਟਰੈਕਟਰ ਮਾਰਚ ਪਿੱਛੇ ਕਿਸਾਨਾਂ ਦੀ ਸੋਚੀ-ਸਮਝੀ ਸਾਜਿਸ਼ ਸੀ। ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਘਟਨਾ ਵਾਪਰੀ ਸੀ, ਜਿਸ ਤੋਂ ਬਾਅਦ ਕਿਸਾਨੀ ਅੰਦੋਲਨ ਨੂੰ ਕਾਫੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਇਸ ਮੁੱਦੇ ‘ਤੇ ਕਾਫੀ ਵਿਵਾਦ ਹੋਇਆ।