ਦਿੱਲੀ ਦੀ ਇੱਕ ਅਦਾਲਤ ਨੇ ਗਣਤੰਤਰ ਦਿਵਸ ਹਿੰਸਾ ਮਾਮਲੇ ਵਿੱਚ ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਹੋਰਨਾਂ ਖ਼ਿਲਾਫ਼ ਦਾਇਰ ਸਪਲੀਮੈਂਟਰੀ ਚਾਰਜਸ਼ੀਟ ਦਾ ਨੋਟਿਸ ਲਿਆ। ਚੀਫ ਮੈਟਰੋਪੋਲੀਟਨ ਮੈਜਿਸਟਰੇਟ ਗਜੇਂਦਰ ਸਿੰਘ ਨਾਗਰ ਨੇ ਸਾਰੇ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ 29 ਜੂਨ ਨੂੰ ਤਲਬ ਕੀਤਾ ਹੈ। ਇਸ ਦੌਰਾਨ ਮਨਿੰਦਰ ਸਿੰਘ ਅਤੇ ਖੇਮਪ੍ਰੀਤ ਸਿੰਘ ਖ਼ਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਹਨ, ਜੋ ਨਿਆਂਇਕ ਹਿਰਾਸਤ ਵਿੱਚ ਹਨ।
ਗੌਰਤਲ ਹੈ ਕਿ 2 ਦਿਨ ਪਹਿਲਾਂ ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਹਿੰਸਾ ਮਾਮਲੇ ਵਿੱਚ ਅਦਾਕਾਰ ਦੀਪ ਸਿੱਧੂ ਤੇ ਹੋਰਾਂ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ। ਮੁੱਖ ਮੈਟਰੋਪੋਲਿਟਨ ਮੈਜਿਸਟਰੇਟ ਗਜੇਂਦਰ ਸਿੰਘ ਨਾਗਰ 19 ਜੂਨ ਨੂੰ ਬਾਅਦ ਦੁਪਹਿਰ 2 ਵਜੇ ਤਾਜ਼ਾ ਚਾਰਜਸ਼ੀਟ ਦੇ ਖਾਸ ਨੁਕਤਿਆਂ ਬਾਰੇ ਹੁਕਮ ਜਾਰੀ ਕਰਨਗੇ।
ਅਦਾਲਤ ਨੇ ਕਿਹਾ, “ਇਸ ਕੇਸ ਦੇ ਜਾਂਚ ਅਧਿਕਾਰੀ ਨੇ ਉਨ੍ਹਾਂ ਗਵਾਹਾਂ ਦੇ ਨਾਮ ਦੱਸੇ ਜੋ ਗੰਭੀਰ ਜ਼ਖ਼ਮੀ ਹੋਏ ਸਨ ਜਾਂ ਜਿਨ੍ਹਾਂ ਕੋਲੋਂ ਹਥਿਆਰ ਖੋਹਿਆ ਗਿਆ ਸੀ।” ਹਿੰਸਾ ਦੀ ਜਾਂਚ ਅਪਰਾਧ ਸ਼ਾਖਾ ਨੂੰ ਸੌਂਪੀ ਗਈ ਸੀ। 17 ਮਈ ਨੂੰ ਉਸ ਨੇ 3,224 ਪੰਨਿਆਂ ਦੀ ਚਾਰਜਸ਼ੀਟ ਦਾਇਰ ਕਰਕੇ ਸਿੱਧੂ ਸਣੇ 16 ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਸੀ।
ਦੱਸ ਦਈਏ ਕਿ ਦੀਪ ਸਿੱਧੂ ਇਸ ਵੇਲੇ ਜ਼ਮਾਨਤ ਉੱਪਰ ਰਿਹਾਅ ਹੈ। ਪਿਛਲੇ ਦਿਨੀਂ ਦੀਪ ਸਿੱਧੂ ਨੇ ਸ਼ੱਕ ਜਾਹਿਰ ਕੀਤਾ ਸੀ ਕਿ ਕੋਈ ਉਸ ਨੂੰ ਨਸ਼ੀਲੇ ਪਦਾਰਥ ਦੇ ਰਿਹਾ ਹੈ। ਦੀਪ ਸਿੱਧੂ ਨੇ ਫੇਸਬੁੱਕ ਪੋਸਟ ਜ਼ਰੀਏ ਆਪਣੇ ਫੈਨਸ ਨਾਲ ਇਹ ਗੱਲ ਸਾਂਝੀ ਕੀਤੀ ਸੀ।