ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਅੱਜ ਸ਼ਿਵਾਨੀ ਸ਼ਰਮਾ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਬਣਾਇਆ ਗਿਆ।ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੈਡਮ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਮਹਿਲਾਵਾਂ ਨੂੰ ਮਜ਼ਬੂਤ ਕਰਨ ਲਈ ਵੱਡੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿਚ ਹੋਰ ਵੀ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਜਦ ਪੱਤਰਕਾਰਾਂ ਨੇ ਉਨ੍ਹਾਂ ਨੂੰ ਸਵਾਲ ਪੁੱਛਿਆ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਲਗਾਤਾਰ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾ ਕੇ ਟਵੀਟ ਕੀਤੇ ਜਾ ਰਹੇ ਹਨ ਤਾਂ ਇਸ ਦੇ ਜਵਾਬ ਵਿੱਚ ਮੈਡਮ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਇਹ ਉਨ੍ਹਾਂ ਦੀ ਆਪਣੀ ਨਿੱਜੀ ਸੋਚ ਹੈ ਜਦ ਕਿ ਨਵਜੋਤ ਸਿੰਘ ਸਿੱਧੂ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਪੈਰੀਂ ਹੱਥ ਲਗਾ ਕੇ ਕਿਹਾ ਸੀ ਕਿ ਮੈਂ ਤੁਹਾਡਾ ਪੁੱਤਰ ਹਾਂ ਅਤੇ ਤੁਹਾਡੇ ਪੁੱਤਰ ਤੋਂ ਵੱਧ ਕੰਮ ਕਰਕੇ ਦਿਖਾਵਾਂਗਾ।ਪਾਕਿਸਤਾਨ ਨਾਲ ਸਬੰਧ ਹੋਣ ਦੇ ਬਿਆਨ ਦੇ ਬਾਰੇ ਗੱਲ ਕਰਦਿਆਂ ਮੈਡਮ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਗਿਆ ਇਹ ਬਿਆਨ ਬਹੁਤ ਹੀ ਮੰਦਭਾਗਾ ਹੈ।
ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਇਕ ਕ੍ਰਿਕਟਰ ਹਨ ਅਤੇ ਇਮਰਾਨ ਖਾਨ ਦੇ ਨਾਲ ਉਨ੍ਹਾਂ ਦੀ ਖੇਡ ਦੇ ਚਲਦਿਆਂ ਚੰਗੀ ਦੋਸਤੀ ਹੈ।ਉਨ੍ਹਾਂ ਕਿਹਾ ਕਿ ਜਦ ਸਿੱਧੂ ਪਾਕਿਸਤਾਨ ਗਏ ਸੀ ਤਾਂ ਨਵਾਜ਼ ਸ਼ਰੀਫ਼ ਨੇ ਕਿਹਾ ਕਿ ਤੁਹਾਨੂੰ ਕੀ ਚਾਹੀਦਾ ਹੈ ਤਾਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਤੁਸੀਂ ਸਾਡੇ ਗੁਰੂ ਘਰ ਦਾ ਲਾਂਘਾ ਖੋਲ੍ਹ ਦਿਓ ਇਹ ਗੱਲ ਉਨ੍ਹਾਂ ਨੇ ਫੌਰੀ ਤੌਰ ਤੇ ਮੰਨ ਲਈ ਤੇ ਲਾਂਘਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ,ਤੇ ਨਵਜੋਤ ਸਿੰਘ ਸਿੱਧੂ ਨੇ ਸਮੁੱਚੀ ਸਿੱਖ ਕੌਮ ਲਈ ਗੁਰੂ ਘਰ ਦਾ ਲਾਂਘਾ ਖੁਲ੍ਹਵਾ ਕੇ ਕਿਹੜਾ ਗਲਤ ਕੰਮ ਕੀਤਾ ਹੈ।ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਇਸ ਤੋਂ ਇਲਾਵਾ ਕਦੀ ਵੀ ਇਮਰਾਨ ਖ਼ਾਨ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ।
ਜਦ ਨਵਜੋਤ ਕੌਰ ਸਿੱਧੂ ਨੂੰ ਪੁੱਛਿਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਰਾਜਨੀਤੀ ਦੇ ਅਨਾੜੀ ਦੱਸ ਰਹੇ ਹਨ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਗਿਆ ਇਹ ਬਿਆਨ ਬਹੁਤ ਹੀ ਮੰਦਭਾਗਾ ਹੈ,ਕਿਉਂਕਿ ਰਾਹੁਲ ਗਾਂਧੀ ਬਹੁਤ ਹੀ ਸੋਚ ਸਮਝ ਕੇ ਫ਼ੈਸਲੇ ਲੈਂਦੇ ਹਨ ਜਿਨ੍ਹਾਂ ਦਾ ਰਿਜ਼ਲਟ ਕੁਝ ਸਮਾਂ ਪਾ ਕੇ ਸਾਹਮਣੇ ਆ ਜਾਂਦਾ ਹੈ।ਉਨ੍ਹਾਂ ਅਖੀਰ ਦੇ ਵਿੱਚ ਕਿਹਾ ਕਿ ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੜ੍ਹੇ ਲਿਖੇ ਇਨਸਾਨ ਹਨ ਅਤੇ ਆਪਣੇ ਦਿਮਾਗ਼ ਦੇ ਨਾਲ ਚੰਗੇ ਫ਼ੈਸਲੇ ਲੈ ਰਹੇ ਹਨ ਅਤੇ ਚੰਗੇ ਫ਼ੈਸਲੇ ਲੈਣ ਵਿੱਚ ਉਨ੍ਹਾਂ ਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ।