ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਾਰਜਕਾਰੀ ਪ੍ਰਧਾਨਾਂ ਪਵਨ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਸਮੇਤ ਸ਼ਹਿਰੀ ਲੋਕਾਂ ਦੇ ਅਹਿਮ ਮੁੱਦਿਆਂ ਦੇ ਹੱਲ ਲਈ ਪਾਰਟੀ ਦੀ ਰਣਨੀਤੀ ਬਣਾਉਣ ਵਾਸਤੇ ਪੰਜਾਬ ਦੇ ਸ਼ਹਿਰੀ ਖੇਤਰਾਂ ਤੋਂ ਕੁੱਲ ਹਿੰਦੂ ਕਾਂਗਰਸ ਦੇ ਮੰਤਰੀਆਂ/ਵਿਧਾਇਕਾਂ ਨਾਲ ਤਿੰਨ ਘੰਟੇ ਤੋਂ ਵੱਧ ਸਮਾਂ ਬੈਠਕ ਕੀਤੀ।
ਦਰਜਨ ਤੋਂ ਵੱਧ ਕੁੱਲ ਹਿੰਦੂ ਕਾਂਗਰਸ ਦੇ ਵਿਧਾਇਕਾਂ ਨਾਲ ਤਿੰਨ ਘੰਟੇ ਲੰਮੀ ਚੱਲੀ ਬੈਠਕ ਵਿੱਚ, ਕੋਵਿਡ -19 ਲੌਕਡਾਉਨ ਦੌਰਾਨ ਸ਼ਹਿਰੀ ਪੰਜਾਬ ਦੇ ਲੋਕਾਂ ਨੂੰ ਹੋਏ ਵਿੱਤੀ ਨੁਕਸਾਨ, ਪੇਸ਼ ਆਈਆਂ ਮੁਸ਼ਕਿਲਾਂ, ਬਾਜ਼ਾਰਾਂ ਵਿੱਚ ਘਟੀ ਮੰਗ, ਬਿਜਲੀ ਸਪਲਾਈ, ਮੀਟਰ ਕੱਟਣ, ਬਕਾਇਆ ਬਿੱਲ, ਇਮਾਰਤਾਂ ਅਤੇ ਪਲਾਟ ਨਿਯਮਤ ਕਰਨ ਦੇ ਮੁੱਦਿਆਂ ‘ਤੇ ਚਰਚਾ ਕਰਨ ਦੇ ਨਾਲ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਲਈ ਵਨ ਟਾਈਮ ਸੈਟਲਮੈਂਟ ਦੀ ਮੰਗ ਵੀ ਉਠਾਈ ਗਈ।
ਮੀਟਿੰਗ ਇਸ ਸਹਿਮਤੀ ‘ਤੇ ਸਮਾਪਤ ਹੋਈ ਕਿ ਪਾਰਟੀ ਅਤੇ ਸਰਕਾਰ ਨੂੰ ਪੰਜਾਬ ਦੇ ਸ਼ਹਿਰੀ ਲੋਕਾਂ ਨੂੰ ਰਾਹਤ ਦੇਣ ਲਈ ਇੱਕ ਤਰਜੀਹੀ ਏਜੰਡੇ ‘ਤੇ ਕੰਮ ਕਰਨਾ ਚਾਹੀਦਾ ਹੈ। ਇਸ ਰਾਹਤ ਵਿੱਚ ਸਭ ਤੋਂ ਵੱਧ ਜ਼ੋਰ ਜਨਰਲ ਸ਼੍ਰੇਣੀ ਸਮੇਤ ਆਮ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ, ਬਿਜਲੀ ਦੀ 24 ਘੰਟੇ ਸਪਲਾਈ, ਘਰੇਲੂ ਖਪਤਕਾਰ ਲਈ ਬਿਜਲੀ ਦੀ ਦਰ 3 ਰੁਪਏ ਪ੍ਰਤੀ ਯੂਨਿਟ ਅਤੇ ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਲਈ 5 ਰੁਪਏ ਪ੍ਰਤੀ ਯੂਨਿਟ ਦੀ ਮੰਗ ਉੱਪਰ ਦਿੱਤਾ ਗਿਆ। ਇਹ ਪੰਜਾਬ ਰਾਜ ਦੁਆਰਾ ਪਹਿਲਾਂ ਹੀ ਮੁਹੱਈਆ ਕਰਵਾਈ ਜਾ ਰਹੀ 10,000 ਕਰੋੜ ਦੀ ਬਿਜਲੀ ਸਬਸਿਡੀ ਤੋਂ ਵੀ ਅਗਲਾ ਕਦਮ ਹੈ, ਇਹ ਦਿੱਲੀ ਦੇ ਉਲਟ ਹੈ ਜੋ ਸਿਰਫ 1700 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਪ੍ਰਦਾਨ ਕਰਦੀ ਹੈ। ਵਿਧਾਇਕਾਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਪਲਾਟਾਂ ਅਤੇ ਇਮਾਰਤਾਂ ਨੂੰ ਨਿਯਮਤ ਕਰਨ, ਕਾਲੋਨੀਆਂ ਨੂੰ ਨਿਯਮਤ ਕਰਨ ਦੀ ਯੋਜਨਾ ਨੂੰ ਵਧਾਉਣ ਅਤੇ ਜਾਇਦਾਦ ਦੀ ਰਜਿਸਟਰੀ ਲਈ ਐਨ.ਓ.ਸੀ. ਦਾ ਬੋਝ ਘੱਟ ਕਰਨ ਦੇ ਮਾਮਲਿਆਂ ਵਿੱਚ ਤੁਰੰਤ ਵਨ ਟਾਈਮ ਸੈਟਲਮੈਂਟ ਰਾਹੀਂ ਰਾਹਤ ਮੁਹੱਈਆ ਕਰਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਨੂੰ ਇਹ ਮੰਗਾਂ ਸਰਕਾਰ ਕੋਲ ਉਚਿਤ ਰੂਪ ਵਿੱਚ ਉਠਾਉਣ ਲਈ ਕਿਹਾ।
ਮੀਟਿੰਗ ਵਿਚ ਵਿਧਾਇਕਾਂ ਨੇ ਅਫ਼ਸਰਾਂ ਖ਼ਿਲਾਫ਼ ਵੀ ਆਵਾਜ਼ ਉਠਾਈ। ਬਹੁਤੇ ਵਿਧਾਇਕਾਂ ਦਾ ਕਹਿਣਾ ਸੀ ਕਿ ਅਧਿਕਾਰੀ ਗੱਲ ਸੁਣ ਲੈਂਦੇ ਹਨ ਪਰ ਕੰਮ ਨਹੀਂ ਕਰਦੇ। ਪੁਲੀਸ ਅਫ਼ਸਰਾਂ ਦੀਆਂ ਸ਼ਿਕਾਇਤਾਂ ਵੀ ਪਾਰਟੀ ਪ੍ਰਧਾਨ ਕੋਲ ਰੱਖੀਆਂ ਗਈਆਂ। ਇਸ ਮੌਕੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਅਤੇ ਪਵਨ ਗੋਇਲ ਵੀ ਹਾਜ਼ਰ ਸਨ ਜਦਕਿ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਅਤੇ ਸੁਖਵਿੰਦਰ ਸਿੰਘ ਡੈਨੀ ਹਾਜ਼ਰ ਨਹੀਂ ਹੋਏ। ਪ੍ਰਧਾਨ ਨਵਜੋਤ ਸਿੱਧੂ ਨੇ ਵਿਧਾਇਕਾਂ ਨੂੰ ਭਰੋਸਾ ਦਿੱਤਾ ਕਿ ਉਹ ਸਾਰੇ ਮਸਲੇ ਸਰਕਾਰ ਅੱਗੇ ਰੱਖਣਗੇ।
ਤਿੰਨ ਸ਼ਹਿਰੀ ਮੰਤਰੀ ਰਹੇ ਗ਼ੈਰਹਾਜ਼ਰ
ਨਵਜੋਤ ਸਿੱਧੂ ਦੀ ਮੀਟਿੰਗ ਵਿੱਚ 6 ਸ਼ਹਿਰੀ ਵਜ਼ੀਰਾਂ ’ਚੋਂ ਤਿੰਨ ਵਜ਼ੀਰ ਅੱਜ ਮੀਟਿੰਗ ਵਿਚ ਪੁੱਜੇ ਹੀ ਨਹੀਂ, ਜਿਨ੍ਹਾਂ ਵਿਚ ਮਨਪ੍ਰੀਤ ਸਿੰਘ ਬਾਦਲ, ਬ੍ਰਹਮ ਮਹਿੰਦਰਾ ਅਤੇ ਓਪੀ ਸੋਨੀ ਸ਼ਾਮਲ ਹਨ। ਨਵਜੋਤ ਸਿੱਧੂ ਖ਼ੁਦ ਵੀ ਕਰੀਬ ਡੇਢ ਘੰਟਾ ਲੇਟ ਪੁੱਜੇ ਅਤੇ ਇਸੇ ਕਰਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਮੀਟਿੰਗ ਤੋਂ ਪਹਿਲਾਂ ਹੀ ਵਾਪਸ ਆ ਗਏ। ਮੀਟਿੰਗ ਵਿਚ ਮੰਤਰੀਆਂ ’ਚੋਂ ਭਾਰਤ ਭੂਸ਼ਨ ਆਸ਼ੂ ਅਤੇ ਸੁੰਦਰ ਸ਼ਾਮ ਅਰੋੜਾ ਹਾਜ਼ਰ ਸਨ। ਇਸ ਮੌਕੇ ਕੁਝ ਸ਼ਹਿਰੀ ਵਿਧਾਇਕ ਵੀ ਗ਼ੈਰਹਾਜ਼ਰ ਸਨ।