ਨਵਜੋਤ ਸਿੱਧੂ ਨੇ ਕੈਪਟਨ ਨਾਲ ਫਿਰ ਫਸਾਏ ਸਿੰਙ
- ਬੇਅਦਬੀ ਮਾਮਲਿਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ‘ਤੇ ਮੁੱਖ ਮੰਤਰੀ ਕੈਪਟਨ ਵਿਚਾਲੇ ਛਿੜੀ ਜੰਗ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ। ਹੁਣ ਇੱਕ ਵਾਰ ਫਿਰ ਨਵਜੋਤ ਸਿੱਧੂ ਨੇ ਟਵੀਟ ਕਰਕੇ ਮੁੱਖ ਮੰਤਰੀ ਕੈਪਟਨ ‘ਤੇ ਤਿੱਖਾ ਹਮਲਾ ਬੋਲਿਆ।
ਨਵਜੋਤ ਸਿੱਧੂ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੀ ਕਲਿਪ ਸ਼ੇਅਰ ਕਰਦਿਆ ਟਵੀਟ ਕਰਕੇ ਲਿਖਿਆ ਕਿ ਗੁਰੂ ਤੋਂ ਬੇਮੁਖ ਹਾਕਮਾਂ ਦੀ ਬਦਨੀਅਤ ਜੱਗ ਜ਼ਾਹਿਰ ਹੈ, ਪਿਛਲੇ ਸਾਢੇ ਚਾਰ ਸਾਲ ਤੱਕ ਕਿਸੇ ਹਾਈਕੋਰਟ ਨੇ ਨਹੀਂ ਸੀ ਰੋਕਿਆ ! ਜਦੋਂ ਡੀ.ਜੀ.ਪੀ. ਜਾਂ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ‘ਤੇ ਰੋਕ ਲੱਗੀ ਤਾਂ ਘੰਟਿਆਂ ‘ਚ ਹੀ ਹੁਕਮਾਂ ਨੂੰ ਉਪਰਲੀ ਅਦਾਲਤ ‘ਚ ਚਣੌਤੀ ਦਿੱਤੀ ਗਈ। ਤੇ ਹੁਣ ਲੋਕਾਂ ਦਾ ਧਿਆਨ ਭਟਕਾਉਣ ਲਈ ਪਹਿਲਾਂ ਤੁਸੀਂ ਹਾਈਕੋਰਟ ਦੇ ਹੁਕਮਾਂ ‘ਤੇ ਤਿੱਖੇ ਸਵਾਲ ਚੁੱਕੇ ਫਿਰ ਪਿਛਲੇ ਦਰਵਾਜ਼ੇ ਰਾਹੀਂ ਹੁਕਮਾਂ ਨੂੰ ਮੰਨ ਵੀ ਲਿਆ।
ਇਸਦੇ ਨਾਲ ਹੀ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਦੀ ਪੁਰਾਣੀ ਵੀਡੀਓ ਵੀ ਟਵੀਟ ਕੀਤੀ ਜਿਸ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁੰਵਰ ਵਿਜੇ ਪ੍ਰਤਾਪ ਵਾਲੀ ਐੱਸਆਈਟੀ ‘ਤੇ ਹਾਈਕੋਰਟ ਦੇ ਫੈਸਲੇ ਬਾਰੇ ਬੋਲ ਰਹੇ ਨੇ। ਕੈਪਟਨ ਨੇ ਕਿਹਾ ਕਿ ਹਾਈਕੋਰਟ ਦਾ ਇਹ ਫ਼ੈਸਲਾ ਨਿਆਂਪਾਲਿਕਾ ਦਾ ਫ਼ੈਸਲਾ ਨਹੀਂ ਸੀ ਬਲਕਿ ਇਹ ਰਾਜਨੀਤਿਕ ਫੈਸਲਾ ਸੀ ਜੋ ਜੱਜ ਨੇ ਕੀਤਾ। ਕੈਪਟਨ ਹਾਈਕੋਰਟ ਦੇ ਫ਼ੈਸਲੇ ਨੂੰ ਨਕਾਰਦੇ ਨਜ਼ਰ ਆਏ। ਕੈਪਟਨ ਨੇ ਕਿਹਾ ਕਿ ਜੋ ਹਾਈਕੋਰਟ ਨੇ ਫੈਸਲਾ ਸੁਣਾਇਆ ਉਸ ਨੂੰ ਮੈਂ ਨਹੀਂ ਮੰਨਦਾ ਇਹ ਇੱਕ ਤਰਫ਼ਾ ਫੈਸਲਾ ਸੀ। ਇਸਨੂੰ ਲੈ ਕੇ ਸਿੱਧੂ ਨੇ ਕੈਪਟਨ ‘ਤੇ ਤਿੱਖਾ ਹਮਲਾ ਕੀਤਾ ਤੇ ਕਿਹਾ ਕਿ ਲੋਕਾਂ ਦਾ ਧਿਆਨ ਭਟਕਾਉਣ ਲਈ ਪਹਿਲਾਂ ਤੁਸੀਂ ਹਾਈਕੋਰਟ ਦੇ ਹੁਕਮਾਂ ‘ਤੇ ਤਿੱਖੇ ਸਵਾਲ ਚੁੱਕੇ ਫਿਰ ਪਿਛਲੇ ਦਰਵਾਜ਼ੇ ਰਾਹੀਂ ਹੁਕਮਾਂ ਨੂੰ ਮੰਨ ਵੀ ਲਿਆ।