ਨਾਰਵੇ ਦੀ ਸੁਰੱਖਿਆ ਸੇਵਾ ‘ਪੀ.ਐੱਸ.ਟੀ.’ ਨੇ ਇਥੇ ਇਕ ਉਤਸਵ ਦੌਰਾਨ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਅੱਤਵਾਦ ਨੂੰ ਲੈ ਕੇ ਉੱਚ ਪੱਧਰੀ ਅਲਰਟ ਜਾਰੀ ਕੀਤਾ ਹੈ। ਸ਼ਨੀਵਾਰ ਤੜਕੇ ਇਕ ਬਾਰ ਦੇ ਨੇੜੇ ਹੋਈ ਗੋਲੀਬਾਰੀ ਦੀ ਘਟਨਾ ‘ਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 10 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੀ.ਐੱਸ.ਟੀ. ਦੇ ਕਾਰਜਕਾਰੀ ਮੁਖੀ ਰੋਗਰ ਬਰਗ ਨੇ ਗੋਲੀਬਾਰੀ ਨੂੰ ‘ਬਹੁਤ ਜ਼ਿਆਦਾ ਇਸਲਾਮੀ ਅੱਤਵਾਦੀ ਕਾਰਵਾਈ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੰਦੂਕਧਾਰੀਆਂ, ਜਿਨ੍ਹਾਂ ਨੂੰ ਗੋਲੀਬਾਰੀ ਤੋਂ ਤੁਰੰਤ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ, ਦਾ ਹਿੰਸਾ ਅਤੇ ਧਮਕੀ ਦੇਣ ਦਾ ਇਕ ਲੰਬਾ ਇਤਿਹਾਸ ਰਿਹਾ ਹੈ।
ਨਾਰਵੇ ਦੀ ਰਾਜਧਾਨੀ ‘ਚ ਸਾਲਾਨਾ ਪ੍ਰਾਈਡ ਉਤਸਵ ਦੌਰਾਨ ਹੋਏ ਹਮਲੇ ਦੀ ਪੁਲਸ ਜਾਂਚ ਕਰ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇਹ ਸੰਭਵਤ ਇਕ ਅੱਤਵਾਦੀ ਹਮਲਾ ਸੀ। ਓਸਲੋ ‘ਚ ਗੋਲੀਬਾਰੀ ਦੀ ਇਹ ਘਟਨਾ ਅਜਿਹੇ ਸਮੇਂ ‘ਚ ਹੋਈ ਹੈ ਜਦ ਸ਼ਹਿਰ ‘ਚ ਸਮਲਿੰਗੀਆਂ ਦੇ ਸਮਰਥਨ ‘ਚ ਇਕ ਸਾਲਾਨਾ ਰੈਲੀ ਦੇ ਆਯੋਜਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਓਸਲੋ ਦੇ ਸੰਡਨ ਪਬ ਨਾਮਕ ਜਿਸ ਬਾਰ ਦੇ ਬਾਹਰ ਇਹ ਗੋਲੀਬਾਰੀ ਹੋਈ, ਉਹ ਸਮਲਿੰਗੀਆਂ ਦਰਮਿਆਨ ਬੇਹਦ ਮਸ਼ਹੂਰ ਹੈ। ਪੁਲਸ ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਗੋਲੀਬਾਰੀ ਦੇ ਸਿਲਸਿਲੇ ‘ਚ ਗ੍ਰਿਫ਼ਤਾਰ ਕੀਤਾ ਗਿਆ 42 ਸਾਲਾ ਸ਼ੱਕੀ ਵਿਅਕਤੀ ਈਰਾਨੀ ਮੂਲ ਦਾ ਨਾਰਵੇ ਦਾ ਨਾਗਰਿਕ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਨੇ ਹਮਲਾਵਰ ਕੋਲੋਂ ਇਕ ਪਿਸਤੌਲ ਅਤੇ ਇਕ ਆਟੋਮੈਟਿਕ ਹਥਿਆਰ ਸਮੇਤ ਦੋ ਹੋਰ ਹਥਿਆਰ ਬਰਾਮਦ ਕੀਤੇ ਹਨ। ਦੋਸ਼ੀ ਨੇ ਓਸਲੋ ਦੇ ਵਿਅਸਤ ਕਾਰੋਬਾਰੀ ਖੇਤਰ ਦੇ ਤਿੰਨ ਸਥਾਨਾਂ ‘ਤੇ ਗੋਲੀਬਾਰੀ ਕੀਤੀ। ਹਮਲੇ ਦਾ ਮਕੱਸਦ ਹੁਣ ਤੱਕ ਪਤਾ ਨਹੀਂ ਚੱਲ ਪਾਇਆ ਹੈ। ਇਸ ਦਰਮਿਆਨ, ਓਸਲੋ ਪ੍ਰਾਇਡ ਦੇ ਆਯੋਜਕਾਂ ਨੇ ਇਕ ਪ੍ਰੋਗਰਾਮ ਰੱਦ ਕਰ ਦਿੱਤਾ ਹੈ ਜੋ ਸ਼ਨੀਵਾਰ ਨੂੰ ਹੋਣਾ ਸੀ। ਪੁਲਸ ਅਟਰਾਨੀ ਕ੍ਰਿਸ਼ਚੀਅਨ ਹਾਤਲੋ ਨੇ ਕਿਹਾ ਕਿ ਸਾਡਾ ਇਹ ਮੁਲਾਂਕਣ ਹੈ ਕਿ ਇਹ ਮੰਨਣ ਦੇ ਠੋਸ ਆਧਾਰ ਹਨ ਕਿ ਉਹ (ਹਮਲਾਵਰ) ਲੋਕਾਂ ਦਰਮਿਆਨ ਡਰ ਫੈਲਣਾਉਣਾ ਚਾਹੁੰਦਾ ਸੀ।