ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਬਜ਼ੁਰਗ ਸਿੱਖ ਸੈਲਾਨੀ ‘ਤੇ ਵਹਿਸ਼ੀ ਹਮਲੇ ਸਮੇਤ ਕਵੀਨਜ਼ ਵਿੱਚ ਤਿੰਨ ਸਿੱਖ ਵਿਅਕਤੀਆਂ ‘ਤੇ ਹਮਲਿਆਂ ਵਿੱਚ 19 ਸਾਲਾਂ ਇਕ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਭਾਰਤ ਦੇ ਕੌਂਸਲੇਟ ਜਨਰਲ ਵੱਲੋਂ ਸਿੱਖ ਬਜ਼ੁਰਗ ‘ਤੇ ਹੋਏ ਹਮਲੇ ਦੀ ਨਿੰਦਾ ਵੀ ਕੀਤੀ ਗਈ ਸੀ। ਇਕ ਵਿਦੇਸ਼ੀ ਖਬਰ ਮੁਤਾਬਕ ਬਰਾਊਨਸਵਿਲੇ ਦੇ ਵਰਨਨ ਡਗਲਸ ਜਿਸ ਨੇ ਕਿ ਇਸ ਘਟਣਾ ਨੂੰ ਅੰਜਾਮ ਦਿੱਤਾ ਸੀ ਵੀਰਵਾਰ ਨੂੰ ਬਰੁਕਲਿਨ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ‘ਤੇ ਲੁੱਟ-ਖੋਹ, ਕੁੱਟਮਾਰ, ਪਰੇਸ਼ਾਨ ਕਰਨ ਅਤੇ ਨਫ਼ਰਤੀ ਅਪਰਾਧਾਂ ਸਮੇਤ ਕਈ ਦੋਸ਼ ਲਾਏ ਗਏ ਹਨ।
ਦੱਸ ਦੇਈਏ ਕਿ ਡਗਲਸ ਨੇ 3 ਅਪ੍ਰੈਲ ਨੂੰ ਕਥਿਤ ਤੌਰ ‘ਤੇ ਲੇਫਰਟਸ ਬੁਲੇਵਾਰਡ ਅਤੇ 95ਵੇਂ ਐਵੇਨਿਊ ਨੇੜੇ 70 ਸਾਲਾ ਨਿਰਮਲ ਸਿੰਘ ਕੋਲ ਪਹੁੰਚਿਆ ਸੀ ਅਤੇ ਬਿਨਾਂ ਕਾਰਨ ਉਨ੍ਹਾਂ ਦੇ ਮੂੰਹ ‘ਤੇ ਮੁੱਕਾ ਮਾਰਿਆ ਸੀ ਤੇ ਉਸ ਤੋਂ ਬਾਅਦ ਉਹ ਪੈਦਲ ਹੀ ਮੌਕੇ ਤੋਂ ਫਰਾਰ ਹੋ ਗਿਆ। ਇਹ ਕੇਸ ਨਿਊਯਾਰਕ ਪੁਲਿਸ ਵਿਭਾਗ (NYPD) ਦੀ ਹੇਟ ਕਰਾਈਮ ਟਾਸਕ ਫੋਰਸ ਨੂੰ ਸੌਂਪਿਆ ਗਿਆ ਸੀ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਤਸਵੀਰਾਂ ‘ਚ ਇਸ ਸਿੰਘ ਨੂੰ ਖੂਨ ਨਾਲ ਲੱਥਪੱਥ ਪੱਗ ਅਤੇ ਕੱਪੜਿਆਂ ‘ਚ ਦੇਖਿਆ ਗਿਆ ਸੀ।
ਸਿੰਘ ਭਾਰਤ ਤੋਂ ਅਮਰੀਕਾ ਦਾ ਸੈਲਾਨੀ ਸੀ ਅਤੇ ਨਿਊਯਾਰਕ ਸਿਟੀ ਵਿੱਚ ਆਉਣ ਤੋਂ ਬਾਅਦ ਸਾਂਸਕਰਤਿਕ ਕੇਂਦਰ ਵਿੱਚ ਠਹਿਰਿਆ ਹੋਇਆ ਸੀ। ਜਿੱਥੇ ਉਹ ਹਮਲੇ ਤੋਂ ਬਾਅਦ ਬੜੀ ਮੁਸ਼ਕਿਲ ਨਾਲ ਵਾਪਸ ਪਹੁੰਚੇ । ਉਸ ਦੇ ਨੱਕ ਦੀ ਹੱਡੀ ਟੁੱਟ ਗਈ ਸੀ ਅਤੇ ਚਿਹਰੇ ‘ਤੇ ਜ਼ਖਮ ਸਨ। ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਬਜ਼ੁਰਗ ਸਿੱਖ ਵਿਅਕਤੀ ‘ਤੇ ਹੋਏ ਹਮਲੇ ਦੀ ਕਰੜੇ ਸ਼ਬਦਾਂ ‘ਚ ਨਿੰਦਾ ਕੀਤੀ ਸੀ ਤੇ ਕਿਹਾ ਸੀ ਕਿ ਉਹ ਪੁਲਿਸ ਦੇ ਸੰਪਰਕ ਵਿਚ ਹਨ। ਜੋ ਇਸ ਘਿਨਾਉਣੇ ਨਫ਼ਰਤੀ ਅਪਰਾਧ ਦੀ ਜਾਂਚ ਕਰ ਰਿਹਾ ਹੈ।