ਪੰਜਾਬ ਵਿੱਚ DAP ਖਾਦ ਦੀ ਕਮੀ ਦੇ ਮਾਮਲੇ ਵਿੱਚ 2 ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਨਾਭਾ ਨੇ ਇਹ ਹੁਕਮ ਪਟਿਆਲਾ ਦੇ ਖੇਤੀਬਾੜੀ ਅਫਸਰ ਅਤੇ ਬਲਾਕ ਅਫਸਰ ਖਿਲਾਫ ਦਿੱਤੇ ਹਨ। DAP ਖਾਦ ਦੀ ਸਹੀ ਢੰਗ ਨਾਲ ਵੰਡ ਨਾ ਕਰਨ ਵਿੱਚ ਉਨ੍ਹਾਂ ਦੀ ਲਾਪਰਵਾਹੀ ਸਾਹਮਣੇ ਆਈ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ DAP ਖਾਦ ਦੀ ਅਲਾਟਮੈਂਟ ਦੀ ਨਿਗਰਾਨੀ ਕਰ ਰਹੀ ਹੈ।
ਜੇਕਰ ਕੋਈ ਅਧਿਕਾਰੀ ਜਾਂ ਡੀਲਰ ਇਸ ਵਿੱਚ ਗਲਤ ਕੰਮ ਕਰਦਾ ਪਾਇਆ ਗਿਆ ਤਾਂ ਸਰਕਾਰ ਉਸ ਨਾਲ ਸਖ਼ਤੀ ਨਾਲ ਨਜਿੱਠੇਗੀ। ਪੰਜਾਬ ਵਿੱਚ DAP ਖਾਦ ਨੂੰ ਲੈ ਕੇ ਸਰਕਾਰ ਦੀ ਇਹ ਵੱਡੀ ਕਾਰਵਾਈ ਹੈ।
ਖੇਤੀ ਮੰਤਰੀ ਰਣਦੀਪ ਨਾਭਾ ਨੇ ਦੱਸਿਆ ਕਿ ਸਰਕਾਰ ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ‘ਚ ਡੀਏਪੀ ਖਾਦ ਦਾ ਨਜ਼ਾਇਜ਼ ਸਟਾਕ ਮਿਲਿਆ ਸੀ।ਇਸ ਮਾਮਲੇ ‘ਚ ਵੀ ਕਾਰਵਾਈ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਵੀ ਕੁਝ ਜ਼ਿਲਿ੍ਹਆਂ ‘ਚ ਕੇਸ ਦਰਜ ਕਰਵਾਏ ਗਏ ਹਨ।ਪ੍ਰਦੇਸ਼ ਸਰਕਾਰ ਡੀਏਪੀ ਖਾਦ ਦੇ ਵੰਡਣ ‘ਤੇ ਨਜ਼ਰ ਬਣਾਏ ਹੋਏ ਹਨ।
ਖੇਤੀ ਮੰਤਰੀ ਰਣਦੀਪ ਨਾਭਾ ਡੀਏਪੀ ਖਾਦ ਦੀ ਕਮੀ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਣ ਤੋਂ ਨਹੀਂ ਖੁੰਝੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਅਕਤੂਬਰ ਮਹੀਨੇ ਤੋਂ ਹੀ ਹੋਰ ਫ਼ਸਲਾਂ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ। ਇਹ ਕਣਕ ਦੀ ਬਿਜਾਈ ਦਾ ਸੀਜ਼ਨ ਹੈ। ਇਸ ਸਮੇਂ ਦੌਰਾਨ ਪੰਜਾਬ ਵਿੱਚ 5.50 ਲੱਖ ਮੀਟ੍ਰਿਕ ਟਨ ਡੀਏਪੀ ਖਾਦ ਦੀ ਲੋੜ ਹੈ। ਭਾਰਤ ਸਰਕਾਰ ਇਸਦੀ ਮਹੀਨਾਵਾਰ ਅਲਾਟਮੈਂਟ ਕਰਦੀ ਹੈ। ਰੇਲਵੇ ਰਾਹੀਂ ਰਾਜਾਂ ਵਿੱਚ ਖਾਦ ਪਹੁੰਚਾਈ ਜਾਂਦੀ ਹੈ ਪਰ ਇਸ ਵਾਰ ਕਿਸਾਨਾਂ ਨੂੰ ਲੋੜ ਅਨੁਸਾਰ ਡੀਏਪੀ ਖਾਦ ਨਹੀਂ ਮਿਲ ਰਹੀ।