ਆਪਣੀਆਂ ਮੰਗਾਂ ਲਈ ਪੰਜਾਬ ਭਰ ਦੇ ਹਜ਼ਾਰਾਂ ਪੇਂਡੂ ਅਤੇ ਖੇਤ ਮਜ਼ਦੂਰਾਂ ਵੱਲੋਂ ਪਟਿਆਲਾ ਵਿੱਚ ਦਿੱਤੇ ਜਾ ਰਹੇ ਤਿੰਨ ਰੋਜ਼ਾ ਧਰਨੇ ਵਿਚ ਸ਼ਾਮਲ 65 ਸਾਲਾ ਬਿਰਧ ਔਰਤ ਦੀ ਮੌਤ ਹੋ ਗਈl ਗੁਰਤੇਜ ਕੌਰ ਭੂੰਦੜ ਪਿੰਡ ਦੀ ਵਸਨੀਕ ਸੀ। ਉਹ ਤੀਹ ਸਾਲ ਪਹਿਲਾਂ ਵਿਧਵਾ ਹੋ ਗਈ ਸੀ,ਜਿਸ ਤੋਂ ਬਾਅਦ ਉਹ ਆਪਣੇ ਪੇਕੇ ਘਰ ਭੂੰਦੜ ਵਿਖੇ ਹੀ ਰਹਿ ਰਹੀ ਸੀ। ਉਸ ਦੀ ਮੌਤ ਬੀਤੀ ਰਾਤ ਹੋਈ। ਲਾਸ਼ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚਲੇ ਮੁਰਦਾ ਘਰ ਵਿਚ ਰੱਖੀ ਗਈ ਹੈ।
ਸੱਤ ਮਜ਼ਦੂਰ ਜਥੇਬੰਦੀਆਂ ‘ਤੇ ਆਧਾਰਤ ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਦਸ ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਸਿਰ ਚੜ੍ਹਿਆ ਹਰ ਤਰ੍ਹਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ। ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਮਗਰੋਂ ਹੀ ਉਹ ਗੁਰਤੇਜ ਕੌਰ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨਗੇ। ਇਸੇ ਦੌਰਾਨ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਵੀ ਸੱਦੀ ਗਈ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਕਸ਼ਮੀਰ ਸਿੰਘ ਘੁੱਗਸ਼ੋਰ, ਲਛਮਣ ਸਿੰਘ ਸੇਵੇਵਾਲਾ ਅਤੇ ਕਈ ਹੋਰ ਆਗੂਆਂ ਨੇ ਗੁਰਤੇਜ ਕੌਰ ਦੀ ਮੌਤ ’ਤੇ ਦੁੱਖ ਜ਼ਾਹਰ ਕੀਤਾ ਹੈ। ਧਰਨੇ ਦੇ ਅੱਜ ਦੂਜੇ ਦਿਨ ਵੀ ਪੰਜਾਬ ਭਰ ਵਿੱਚੋਂ ਹਜ਼ਾਰਾਂ ਪੇਂਡੂ ਅਤੇ ਖੇਤ ਮਜ਼ਦੂਰ ਪੁੱਜੇ ਹੋਏ ਹਨ।