ਇਮਰਾਨ ਖਾਨ ਨੂੰ ਆਖਰਕਾਰ ਪਾਕਿਸਤਾਨ ਦੀ ਸੱਤਾ ਤੋਂ ਬੇਦਖਲ ਹੋਣਾ ਪੈ ਹੀ ਗਿਆ । ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ 9 ਅਪ੍ਰੈਲ ਦੀ ਦੇਰ ਰਾਤ ਬੇਭਰੋਸਗੀ ਮਤੇ ‘ਤੇ ਹੋਈ ਵੋਟਿੰਗ ਵਿੱਚ ਇਮਰਾਨ ਖਾਨ ਨੂੰ ਵਿਰੋਧੀ ਧਿਰ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ।
174 ਸੰਸਦ ਮੈਂਬਰਾਂ ਨੇ ਇਮਰਾਨ ਖਾਨ ਸਰਕਾਰ ਦੇ ਖਿਲਾਫ ਬੇਭਰੋਸਗੀ ਮਤੇ ਦੇ ਪੱਖ ਵਿੱਚ ਵੋਟ ਕੀਤਾ, ਜੋ ਬਹੁਮਤ ਦੇ ਅੰਕੜੇ ਤੋਂ 2 ਵੋਟਾਂ ਵੱਧ ਹਨ । ਪਾਕਿਸਤਾਨ ਦੀ 342 ਮੈਂਬਰੀ ਸੰਸਦ ਵਿੱਚ ਬਹੁਮਤ ਦਾ ਅੰਕੜਾ 172 ਹੈ। ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਬੇਦਖਲ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਖੁਸ਼ੀ ਜ਼ਾਹਿਰ ਕੀਤੀ।
ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਪਾਕਿਸਤਾਨੀ ਸੰਸਦ ਵਿੱਚ ਕਿਹਾ ਕਿ ਮੈਂ ਪਾਕਿਸਤਾਨ ਵਿੱਚ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ । ਮੈਂ ਪਾਕਿਸਤਾਨੀ ਨੌਜਵਾਨਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਆਪਣੇ ਸੁਪਨਿਆਂ ਨੂੰ ਕਦੇ ਵੀ ਨਾ ਛੱਡੋ, ਕੁਝ ਵੀ ਅਸੰਭਵ ਨਹੀਂ ਹੈ।
ਪਾਕਿਸਤਾਨ ਦੇ ਅਗਲੇ ਸੰਭਾਵਿਤ ਪ੍ਰਧਾਨ ਮੰਤਰੀ ਅਤੇ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਅਸੀਂ ਕਿਸੇ ਤੋਂ ਬਦਲਾ ਨਹੀਂ ਲਵਾਂਗੇ, ਕਿਸੇ ਨਾਲ ਬੇਇਨਸਾਫ਼ੀ ਨਹੀਂ ਕਰਾਂਗੇ ਅਤੇ ਕਿਸੇ ਨੂੰ ਜੇਲ੍ਹ ਵਿੱਚ ਨਹੀਂ ਸੁੱਟਾਂਗੇ। ਕਾਨੂੰਨ ਆਪਣਾ ਰਸਤਾ ਖੁਦ ਬਣਾ ਲਵੇਗਾ । ਪਾਕਿਸਤਾਨ ਵਿੱਚ ਇਨਸਾਫ਼ ਦੀ ਜਿੱਤ ਹੋਵੇਗੀ। ਸਰਬਸ਼ਕਤੀਮਾਨ ਨੇ ਕਰੋੜਾਂ ਪਾਕਿਸਤਾਨੀਆਂ ਦੀਆਂ ਦੁਆਵਾਂ ਨੂੰ ਸਵੀਕਾਰ ਕਰ ਲਿਆ ਹੈ । ਸੰਯੁਕਤ ਵਿਰੋਧੀ ਧਿਰ ਦੇ ਸਾਰੇ ਮੈਂਬਰ ਅੱਲ੍ਹਾ ਦੇ ਸ਼ੁਕਰਗੁਜ਼ਾਰ ਹਨ।