ਪੰਜਾਬ ਕਾਂਗਰਸ ‘ਚ ਸੂਬਾ ਪ੍ਰਧਾਨ ਨੂੰ ਲੈ ਕੇ ਹਾਲੇ ਵੀ ਖਿੱਚੋਤਾਨ ਉਸੇ ਤਰ੍ਹਾਂ ਬਰਕਰਾਰ ਹੈ ਤੇ ਕਾਂਗਰਸ ਹਾਈਕਮਾਨ ਵਲੋਂ ਵੀ ਹਾਲੇ ਤਕ ਨਵੇਂ ਸੂਬਾ ਪ੍ਰਧਾਨ ਦਾ ਐਲਾਨ ਨਹੀਂ ਕੀਤਾ ਗਿਆ। ਦੂਜੇ ਪਾਸੇ ਕਾਂਗਰਸੀ ਵਿਧਾਇਕਾਂ ‘ਚ ਪੰਜਾਬ ਸੂਬਾ ਪ੍ਰਧਾਨ ਦੀ ਚੋਣ ਨੂੰ ਲੈ ਕੇ ਘੁੱਟਬੰਦੀ ਬਣਦੀ ਦਿਖਾਈ ਦੇ ਰਹੀ ਹੈ। ਇਸ ਵਿਚਾਲੇ ਲੁਧਿਆਣਾ ਤੋਂ ਕਾਂਗਰਸ ਦੇ ਐੱਮ. ਪੀ. ਅਤੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦਾ ਇਕ ਵੱਡਾ ਬਿਆਨ ਦੇਖਣ ਨੂੰ ਮਿਲਿਆ ਹੈ। ਬਿੱਟੂ ਨੇ ਆਖਿਆ ਹੈ ਕਿ ਪਾਰਟੀ ਦੇ ਪੁਰਾਣੇ ਅਤੇ ਤਜ਼ਰਬੇਕਾਰ ਆਗੂ ਨੂੰ ਸੂਬੇ ਦੀ ਕਮਾਨ ਸੌਂਪੀ ਜਾਣੀ ਚਾਹੀਦੀ ਹੈ ਤੇ ਕਿਸੇ ਅਜਿਹੇ ਆਗੂ ਨੂੰ ਪ੍ਰਧਾਨ ਲਗਾਉਣਾ ਚਾਹੀਦਾ ਹੈ ਜੋ ਕਿ ਸਾਰੇ ਜਾਣਿਆਂ ਨੂੰ ਨਾਲ ਲੈ ਕੇ ਚੱਲੇ ਸਕੇ।
ਉਧਰ ਨਵਜੋਤ ਸਿੱਧੂ ਵਲੋਂ ਪਾਰਟੀ ਦੀ ਪ੍ਰਧਾਨਗੀ ਨੂੰ ਲੈ ਕੇ ਕੀਤੇ ਜਾ ਰਹੇ ਸ਼ਕਤੀ ਪ੍ਰਦਰਸ਼ਨ ’ਤੇ ਵੀ ਹਾਈਕਮਾਨ ਦੀ ਨਜ਼ਰ ਹੈ। ਪਾਰਟੀ ਦੇ 3 ਵਿਧਾਇਕ ਵਿਰੋਧੀ ਧਿਰ ਦੇ ਆਗੂ ਅਤੇ ਸੂਬਾ ਪ੍ਰਧਾਨ ਦੀ ਦੌੜ ਵਿਚ ਹਨ। ਇਸ ’ਚ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਪਰਗਟ ਸਿੰਘ ਦੇ ਨਾਂ ਸ਼ਾਮਲ ਹਨ।