ਮੌਨਸੂਨ ਇਜਲਾਸ ਦੌਰਾਨ ਸੰਸਦ ਵਿੱਚ ਹੋਏ ਹੰਗਾਮੇ ਦਾ ਠੀਕਰਾ ਵਿਰੋਧੀ ਧਿਰ ਸਿਰ ਭੰਨਦਿਆਂ ਕੇਂਦਰੀ ਮੰਤਰੀਆਂ ਦੇ ਇਕ ਸਮੂਹ ਨੇ ਕਿਹਾ ਕਿ ਰਾਜ ਸਭਾ ਚੇਅਰਮੈਨ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰਨ। ਮੰਤਰੀਆਂ ਨੇ ਇਥੇ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਰੋਧੀ ਪਾਰਟੀਆਂ ਦੇ ਆਗੂਆਂ ’ਤੇ ਸਦਨ ਵਿੱਚ ਤਾਇਨਾਤ ਮਾਰਸ਼ਲਾਂ ਨਾਲ ਧੱਕਾ-ਮੁੱਕੀ ਕਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ਦੋਸ਼ ਲਾਇਆ ਕਿ ਸੰਵਿਧਾਨਕ ਸੋਧ ਬਿੱਲ ਦੇ ਪਾਸ ਹੋਣ ਮਗਰੋਂ ਵਿਰੋਧੀ ਧਿਰਾਂ ਵੱਲੋਂ ਕੇਂਦਰੀ ਮੰਤਰੀਆਂ ਨੂੰ ਕਥਿਤ ਧਮਕਾਇਆ ਜਾ ਰਿਹਾ ਸੀ ਕਿ ਉਹ ਸਦਨ ਵਿੱਚ ਹੋਰ ਬਿੱਲ ਨਾ ਲੈ ਕੇ ਆਉਣ।
ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੀ ‘ਸਾਡੀ ਗੱਲ ਸੁਣੋ ਜਾਂ ਫਿਰ ਕਿਸੇ ਦੀ ਨਹੀਂ’ ਵਾਲੀ ਪਹੁੰਚ ਨਿੰਦਣਯੋਗ ਹੈ ਤੇ ਦੇਸ਼ ਨੇ ਵੀ ਇਸ ਰਵੱਈਏ ਦੀ ਨਿਖੇਧੀ ਕੀਤੀ ਹੈ। ਗੋਇਲ, ਜੋ ਰਾਜ ਸਭਾ ਵਿੱਚ ਸਦਨ ਦੇ ਆਗੂ ਵੀ ਹਨ, ਨੇ ਕਿਹਾ ਕਿ ਮੰਤਰੀ ਸਮੂਹ ਨੇ ਚੇਅਰਮੈਨ ਤੇ ਡਿਪਟੀ ਚੇਅਰਮੈਨ ਨੂੰ ਮਿਲ ਕੇ ਮਾਰਸ਼ਲਾਂ ਨਾਲ ਧੱਕਾਮੁੱਕੀ ਕਰਨ ਵਾਲੇ ਤੇ ਸਦਨ ਵਿੱਚ ਹੁੱਲੜਬਾਜ਼ੀ ਕਰਨ ਵਾਲੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਅਸਲ ਵਿੱਚ ਇਹ ਤੱਥ ਹਜ਼ਮ ਨਹੀਂ ਹੋ ਰਿਹਾ ਕਿ ਬੁੱਧਵਾਰ ਨੂੰ ਰਾਜ ਸਭਾ ਵਿੱਚ ਜੋ ਕੁਝ ਹੋਇਆ, ਪੂਰੇ ਦੇਸ਼ ਨੇ ਉਸ ਦੀ ਨਿਖੇਧੀ ਕੀਤੀ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਕੱਤਰ ਜਨਰਲ ਦਾ ਮੇਜ਼ ਨੱਚਣ ਟੱਪਣ ਤੇ ਮੁਜ਼ਾਹਰਿਆਂ ਲਈ ਨਹੀਂ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ, ‘‘ਅਸੀਂ ਮੰਗ ਕਰਦੇ ਹਾਂ ਕਿ ਰਾਜ ਸਭਾ ਚੇਅਰਮੈਨ ਨੇਮ ਤੋੜਨ ਵਾਲੇ ਸੰਸਦ ਮੈਂਬਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨ।’’ ਜੋਸ਼ੀ ਨੇ ਕਿਹਾ ਕਿ ਕਾਂਗਰਸ ਤੇ ਉਸ ਦੇ ਭਾਈਵਾਲਾਂ ਨੇ ਪਹਿਲਾਂ ਹੀ ਮਿੱਥ ਲਿਆ ਸੀ ਕਿ ਉਹ ਸੰਸਦ ਨੂੰ ਚੱਲਣ ਨਹੀਂ ਦੇਣਗੇ। ਠਾਕੁਰ ਨੇ ਕਿਹਾ ਕਿ ਮੌਨਸੂਨ ਇਜਲਾਸ ਦੌਰਾਨ ਜੋ ਕੁਝ ਹੋਇਆ ਵਿਰੋਧੀ ਧਿਰ ਨੂੰ ਉਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਪ੍ਰਹਿਲਾਦ ਜੋਸ਼ੀ, ਪਿਊਸ਼ ਗੋਇਲ ਤੇ ਮੁਖਤਾਰ ਅੱਬਾਸ ਨਕਵੀ ਦੀ ਸ਼ਮੂਲੀਅਤ ਵਾਲੇ ਮੰਤਰੀ ਸਮੂਹ ਨੇ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਪਰਸਨ ਐੱਮ.ਵੈਂਕਈਆ ਨਾਇਡੂ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਵੀ ਕੀਤੀ।