ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ ।।
ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ ।।
ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।।
ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ ।।
ਅੱਜ ਸਿੱਖ ਕੌਮ ਦੇ ਛੇਵੇਂ ਗੁਰੂ ਤੇ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹੈ। ਗੁਰੂ ਹਰਿਗੋਬਿੰਦ ਸਾਹਿਬ ਉਹ ਮਹਾਨ ਸ਼ਖ਼ਸੀਅਤ ਹਨ ਜਿਨ੍ਹਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਚ ਨਵੀਂ ਰੂਹ ਫੂਕੀ ਤੇ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ। ਐਸੇ ਮਹਾਨ ਸਤਿਗੁਰੂ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 1595 ਈ. ਨੂੰ ਅੰਮ੍ਰਿਤਸਰ ਦੇ ਵਡਾਲੀ ‘ਚ ਪਿਤਾ ਗੁਰੂ ਅਰਜਨ ਦੇਵ ਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਹੋਇਆ । ਜਦੋਂ ਗੁਰੂ ਹਰਿਗੋਬਿੰਦ ਸਾਹਿਬ ਦਾ ਜਨਮ ਹੋਇਆ ਤਾਂ ਜਿੱਥੇ ਸੰਗਤ ਵਿੱਚ ਖੁਸ਼ੀ ਦੀ ਲਹਿਰ ਸੀ ਉੱਥੇ ਹੀ ਪ੍ਰਿਥੀ ਚੰਦ ਨੂੰ ਸਾੜਾ ਪੈ ਗਿਆ।
ਪੰਚਮ ਪਾਤਸ਼ਾਹ ਸ਼੍ਰੀ ਗੁਰੁ ਅਰਜਨ ਦੇਵ ਜੀ ਦੇ ਘਰ ਪੈਦਾ ਹੋਏ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਅਤੇ ਸ਼ਕਤੀਸ਼ਾਲੀ ਸੂਰਬੀਰ ਯੋਧੇ ਸਨ। ਜਿਨ੍ਹਾਂ ਨੇ ਆਪਣੇ ਦਮ ’ਤੇ ਮੁਗਲ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ। ਤਾਂ ਹੀ ਇਨ੍ਹਾਂ ਨੂੰ ਦਲ ਭੰਜਨ ਗੁਰ ਸੂਰਮਾਂ ਵਡ ਜੋਧਾ ਬਹੁ ਪਰਉਪਕਾਰੀ’ ਬੰਦੀ ਛੋੜ ਦਾਤਾ, ਮੀਰੀ ਪੀਰੀ ਦੇ ਮਾਲਕ ਆਦਿ ਕਈ ਨਾਵਾਂ ਨਾਲ ਸਤਿਕਾਰਿਆ ਜਾਂਦਾ ਹੈ।
ਪ੍ਰਿਥੀ ਚੰਦ ਤੋਂ ਸਰੀਰਕ ਦੂਰੀ ਬਣਾਉਂਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋ ਅੰਮ੍ਰਿਤਸਰ ਛੱਡ ਗੁਰੂ ਕੀ ਵਡਾਲੀ ਵਿਖੇ ਗ੍ਰਹਿ ਨਿਵਾਸ ਕਰਨ ਉਪਰੰਤ 1595 ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਮਾਤਾ ਗੰਗਾ ਜੀ ਦੀ ਕੁੱਖੋਂ ਹੋਇਆ।
ਪ੍ਰਿਥੀ ਚੰਦ ਤਾਂ ਪਹਿਲਾਂ ਹੀ ਨਹੀਂ ਸੀ ਚਾਹੁੰਦਾ ਕਿ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਪੁੱਤਰ ਜਨਮ ਲਵੇ। ਆਪਣੇ ਪੁੱਤਰ ਨੂੰ ਗੱਦੀ ’ਤੇ ਬਿਰਾਜਮਾਨ ਕਰਨ ਦੀ ਇੱਛਾ ਰੱਖਣ ਵਾਲੇ ਪ੍ਰਿਥੀ ਚੰਦ ਗੁਰੂ ਹਰਿਗੋਬਿੰਦ ਸਾਹਿਬ ਦੇ ਆਗਮਨ ’ਤੇ ਬਹੁਤਾ ਖੁਸ਼ ਨਹੀਂ ਸੀ। ਇਸੇ ਬਾਬਤ ਦੁੱਖੀ ਪ੍ਰਿਥੀ ਚੰਦ ਨੇ ਬਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਖ਼ਤਮ ਕਰਨ ਲਈ ਬੜੇ ਹੱਥ ਕੰਢੇ ਵਰਤੇ। ਬਾਲ ਅਵਸਥਾ ਵਿੱਚ ਹੀ ਗੁਰੂ ਸਾਹਿਬ ਨੂੰ ਦਾਈ ਰਾਹੀਂ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ; ਫਿਰ ਸੱਪ ਲੜਾਉਣ ਦੀ ਸਾਜ਼ਿਸ਼ ਕੀਤੀ ਪਰ ਸਫ਼ਲ ਕੋਈ ਨਾ ਹੋ ਸਕੀ।
ਸਦਾ ਸਦਾ ਹਰਿ ਜਾਪੇ॥
ਪ੍ਰਭ ਬਾਲਕ ਰਾਖੇ ਆਪੇ॥ (ਅੰਗ ੬੨੭)
ਪ੍ਰਿਥੀ ਚੰਦ ਅਜੇ ਵੀ ਨਹੀਂ ਸੀ ਟਲ ਰਿਹਾ। ਗੁਰੂ ਹਰਗੋਬਿੰਦ ਸਾਹਿਬ ਨੂੰ ਖ਼ਤਮ ਕਰਨ ਲਈ ਰਸੋਈਏ ਰਾਹੀਂ ਦਹੀਂ ਵਿੱਚ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ। ਬਾਲ ਗੁਰੂ ਨੇ ਦਹੀਂ ਤਾਂ ਨਾ ਖਾਧਾ ਪਰ ਰਸੋਈਆ ਢਿੱਡ ਵਿੱਚ ਸੂਲ ਹੋਣ ਕਰਕੇ ਮਰ ਗਿਆ। ਗੁਰੂ ਅਰਜਨ ਦੇਵ ਜੀ ਨੇ ਇਸ ਬਾਬਤ ਸ਼ਬਦ ਉਚਾਰਿਆ ।
ਲੇਪੁ ਨ ਲਾਗੋ ਤਿਲ ਕਾ ਮੂਲਿ॥
ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ॥ ( ਅੰਗ ੧੧੩੭)
ਆਪਣੇ ਪਿਤਾ ਪੰਚਮ ਪਾਤਸ਼ਾਹ ਦੀ ਸ਼ਹਾਦਤ ਵੇਲੇ ਗੁਰੂ ਹਰਿਗੋਬਿੰਦ ਸਾਹਿਬ ਸਿਰਫ਼ ਯਾਰਾਂ ਸਾਲ ਦੀ ਉਮਰ ਵਿੱਚ ਸਨ। ਛੋਟੀ ਉਮਰੇ ਭਾਰੀ ਜ਼ਿੰਮੇਵਾਰੀਆਂ ਨੇ ਗੁਰੂ ਸਾਹਿਬ ਅੰਦਰ ਜੀਵਨ ਜੀਣ ਦਾ ਸੰਕਲਪ ਪੈਦਾ ਕਰ ਦਿੱਤਾ। ਬਾਬਾ ਬੁੱਢਾ ਜੀ ਦੀ ਰਹਿਨੁਮਾਈ ਹੇਠ ਗੁਰੂ ਹਰਿਗੋਬਿੰਦ ਸਾਹਿਬ ਨੇ ਘੋੜ ਸਵਾਰੀ, ਨੇਜੇ ਬਾਜ਼ੀ, ਤੀਰ ਅੰਦਾਜੀ ਦੇ ਗੁਰ ਸਿੱਖਣ ਦੇ ਨਾਲ ਨਾਲ ਰਾਜਨੀਤੀ, ਅਤੇ ਰਣਨੀਤੀ ਦੀ ਸਿਖਿਆ ਵੀਬਾਬਾ ਬੁੱਢਾ ਸਾਹਿਬ ਨੇ ਦਿੱਤੀ।
ਜਦੋਂ ਗੁਰੂ ਅਰਜਨ ਦੇਵ ਜੀ ਜਹਾਗੀਰ ਦੇ ਕਹਿਣ ’ਤੇ ਲਾਹੌਰ ਗਏ ਤਾਂ ਗੁਰੂ ਜੀ ਨੇ ਸੰਗਤਾਂ ਨੂੰ ਕਿਹਾ ਕਿ ਉਨ੍ਹਾਂ ਪਿੱਛੋਂ ਨਾਨਕ ਦੇਵ ਜੀ ਦੀ ਗੱਦੀ ’ਤੇ ਹਰਿਗੋਬਿੰਦ ਸਾਹਿਬ ਨੂੰ ਬਿਠਾਇਆ ਜਾਵੇ। ਸੋ 25 ਮਈ 1606 ਈ. ਐਤਵਾਰ ਜੇਠ ਵਦੀ 14 ਮਿਤੀ 28 ਜੇਠ ਸੰਮਤ 1663 ਬਿ: ਨੂੰ ਬਾਬਾ ਬੁੱਢਾ ਜੀ ਨੇ ਸ੍ਰੀ ਹਰਿਗੋਬਿੰਦ ਜੀ ਨੂੰ ਗੱਦੀ ’ਤੇ ਬਿਠਾ ਕੇ ਗੁਰਿਆਈ ਦਾ ਤਿਲਕ ਦਿੱਤਾ। ਉਸ ਵੇਲੇ ਗੁਰੂ ਹਰਿਗੋਬਿੰਦ ਜੀ ਦੀ ਉਮਰ 10 ਸਾਲ, 10 ਮਹੀਨੇ ਦੇ ਕਰੀਬ ਸੀ। ਗੁਰਿਆਈ ਦੀ ਗੱਦੀ ’ਤੇ ਬੈਠਣ ਲੱਗਿਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਪਹਿਨੀਆਂ। ਉਨ੍ਹਾਂ ਫ਼ੁਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਆਕਾਲ ਪੁਰਖ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ, ਜਿਨ੍ਹਾਂ ਵਿੱਚ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ।
ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਅਸਰ ਸਿੱਖਾਂ ’ਤੇ ਪੈਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਸ਼ਸਤ੍ਰ ਧਾਰੀ ਹੋਣ ਦਾ ਹੁਕਮ ਕੀਤਾ ਅਤੇ ਸਿੱਧੇ ਰੂਪ ’ਚ ਜਹਾਗੀਰ ਦੀ ਜਾਲਮ ਰਾਜਨੀਤੀ ਨੂੰ ਲਲਕਾਰਿਆ। ਜਹਾਗੀਰ ਨੇ ਜਦੋਂ ਹੁਕਮ ਜਾਰੀ ਕੀਤਾ ਕੇ ਸਿਰਫ ਮੁਸਲਮਾਨ ਹੀ ਪਗੜੀ ਧਾਰੀ ਹੋਵੇਗਾ ਅਤੇ ਬਾਕੀ ਦੂਜੀ ਕੌਮ ਮੁਸਲਮਾਨਾਂ ਨੂੰ ਸੀਸ ਨਿਵਾ ਕੇ ਲੰਘੇਗੀ। ਇਹ ਗੱਲ ਪਾਤਸ਼ਾਹ ਨੂੰ ਚੰਗੀ ਨਾ ਲੱਗੀ। ਉਨ੍ਹਾਂ ਨੇ ਸਿੱਖ ਕੌਮ ਨੂੰ ਦਸਤਾਰ ਸਜਾ ਕੇ ਰਹਿਣ ਦਾ ਹੁਕਮ ਦਿੱਤਾ, ਜਿਸ ਨਾਲ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਜਹਾਗੀਰ ਨਾਲ ਸਬੰਧ ਵਿਗੜ ਗਏ।
ਵਿਗੜੇ ਹੋਏ ਹਾਲਾਤ ਵੇਖ ਕੇ ਸਿੱਖ ਸੰਗਤਾਂ ਨਗਦ ਭੇਟਾ ਦੇਣ ਦੀ ਥਾਂ ਸ਼ਸਤ੍ਰ ‘ਤੇ ਘੋੜੇ ਭੇਟਾ ਕਰਨ ਲੱਗ ਪਈਆਂ। ਮਾਝੇ, ਮਾਲਵੇ ਅਤੇ ਦੁਆਬੇ ਵਿਚੋਂ ਕੋਈ ਪੰਜ ਸੌ ਜਵਾਨ ਅੰਮ੍ਰਿਤਸਰ ਵਿੱਚ ਇਕੱਠੇ ਹੋ ਗਏ। ਅੰਮ੍ਰਿਤਸਰ ਸਿਖਾਂ ਦਾ ਕੇਂਦਰੀ ਅਸਥਾਨ ਹੋਣ ਕਰਕੇ ਸ੍ਰੀ ਹਰਮੰਦਰ ਸਾਹਿਬ ਦੇ ਸਾਮ੍ਹਣੇ 1609 ਵਿੱਚ ਸ੍ਰੀ ਅਕਾਲ ਤਖਤ ਦੀ ਉਸਾਰੀ ਕਰਵਾ ਕੇ ਸੂਰਮਿਆ ਵਿੱਚ ਬੀਰ-ਰਸ ਭਰਨ ਲਈ ਯੋਧਿਆਂ ਦੀਆਂ ਵਾਰਾਂ ਦਾ ਗਾਇਨ ਸ਼ੁਰੂ ਕੀਤਾ। ਵਾਰਾਂ ਗਾਉਣ ਵਾਲੇ ਪਹਿਲੇ ਪਹਿਲੇ ਢਾਡੀ ਦਾ ਨਾਮ ਅਬਦੁੱਲਾ ਸੀ।
ਗੁਰੂ ਸਾਹਿਬ ਨੇ ਸਰੀਰਕ ਬਲਵਾਨਤਾ ਦੇ ਨਾਲ-ਨਾਲ ਸੈਨਿਕ ਸ਼ਕਤੀ ਨੂੰ ਮਜਬੂਤ ਕਰਨ ਲਈਪੂਰਾ ਧਿਆਨ ਦਿੱਤਾ। ਗੁਰੂ ਸਾਹਿਬ ਹਰੇਕ ਦੁਖੀ ਲੋੜਵੰਦ ਨੂੰ ਸ਼ਰਨ ਵਿੱਚ ਜਗ੍ਹਾ ਦਿੰਦੇ ਸਨ। ਗੁਰੂ ਹਰਿਗੋਬਿੰਦ ਸਾਹਿਬ ਨੇ 1612 ਮਾਲਵੇ ਵਿਚ ਸਿੱਖੀ ਦਾ ਪ੍ਰਚਾਰ ਕਰਦਿਆਂ ਪੈਂਦੇ ਖਾਂ ਨੂੰ ਅਪਣਾਇਆ ਜਿਸ ‘ਤੇ ਮੇਹਰ ਕਰਦਿਆਂ ਪੈਂਦੇ ਖਾਂ ਦਾ ਆਪਣੇ ਬੱਚਿਆ ਵਾਂਗ ਪਾਲਣ ਪੋਸ਼ਣ ਕੀਤਾ। 1613 ਵਿਚ ਬਾਬਾ ਗੁਰਦਿਤਾ ਜੀ ਦਾ ਜਨਮ ਡਰੌਲੀ ਵਿੱਚ ਹੋਇਆ।
ਅੰਮ੍ਰਿਤਸਰ ਸਿੱਖੀ ਦੇ ਧੁਰੇ ਵਜੋਂ ਵਿਕਸਤ ਹੋ ਚੁੱਕਾ ਸੀ। ਦੂਰ ਦੁਰਾਡੇ ਤੋਂ ਸੰਗਤਾਂ ਗੁਰੂ ਦੇ ਦਰਸ਼ਨ ਕਰਨ ਆਉਂਦੀਆਂ ਤਾਂ ਅੰਮ੍ਰਿਤਸਰ ਚ ਰੌਣਕ ਲੱਗੀ ਰਹਿੰਦੀ। ਸੰਗਤਾਂ ਦੀ ਪਾਣੀ ਦੀ ਲੋੜ ਪੂਰੀ ਕਰਨ ਲਈ ਰਾਮਸਰ, ਕੌਲਸਰ ਅਤੇ ਬਿਬੇਕਸਰ ਨਾਮ ਦੇ ਸਰੋਵਰ ਬਣਵਾਏ ਅਤੇ ਅੰਮ੍ਰਿਤਸਰ ਦੀ ਰੱਖਿਆ ਲਈ ਲੋਹਗੜ੍ਹ ਕਿਲ੍ਹੇ ਦੀ ਉਸਾਰੀ ਕਰਵਾਈ, ਉਥੇ ਜੰਗ ਨਾਲ ਸਬੰਧਤ ਸਾਮਾਨ ਰੱਖਿਆ ਗਿਆ। ਭਾਈ ਜੇਠਾ ਜੀ, ਭਾਈ ਲੰਗਾਹ ਜੀ, ਭਾਈ ਪਿਰਾਣਾ ਜੀ, ਭਾਈ ਬਿਧੀ ਚੰਦ ਜੀ ਤੇ ਭਾਈ ਪੈੜਾ ਜੀ ਹਰ ਵੇਲੇ ਬਾਹਰੀ ਹਮਲਿਆਂ ਤੋਂ ਗੁਰੂ ਜੀ ਨੂੰ ਜਾਣੂੰ ਕਰਵਾਈ ਰੱਖਦੇ। ਅੰਮ੍ਰਿਤਸਰ ਸਿੱਖਾਂ ਦਾ ਕੇਂਦਰ ਹੋਣ ਕਰਕੇ ਮੁਗਲ ਹਕੂਮਤ ਨੂੰਸਾਰੀ ਜਾਣਕਾਰੀ ਮਿਲ ਰਹੀ ਸੀ।
ਸ੍ਰੀ ਅਕਾਲ ਤਖਤ ਦੀ ਉਸਾਰੀ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਸੰਗਤਾਂ ਚ ਹਰਮਨ ਪਿਆਰੇ ਆਗੂ ਵਜੋਂ ਉਭਰੇ ਤਾਂ ਇਹ ਗੱਲ ਜਹਾਗੀਰ ਨੂੰ ਚੰਗੀ ਨਾ ਲੱਗੀ। ਸੱਤਾ ਦੇ ਨਸ਼ੇ ਵਿੱਚ ਚੂਰ ਮੁਗਲ ਸਰਕਾਰ ਨੇ 1612 ’ਚ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਲਿਆ ਪਰ ਅੰਤ ਜਹਾਗੀਰ ਨੂੰ ਸੰਗਤਾਂ ਦੇ ਦਬਾਅ ਹੇਠ ਝੁਕਦਿਆਂ ਗੁਰੂ ਸਾਹਿਬ ਨੂੰ 52 ਰਾਜਿਆ ਸਮੇਤ ਰਿਹਾਅ ਕਰਨਾ ਪਿਆ।
ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ ਚਾਰ ਜੰਗਾਂ ਲੜੀਆਂ ਤੇ ਇਨ੍ਹਾਂ ਚਾਰੇ ਜੰਗਾਂ ਦੇ ਜਰਨੈਲਾਂ ਨੂੰ ਆਪਣੇ ਹੱਥੀਂ ਮੌਤ ਦੇ ਘਾਟ ਉਤਾਰਿਆ। ਇਹ ਜੰਗ ਰਾਜਸੀ ਨਾ ਹੋ ਕੇ ਧਰਮ ਯੁੱਧ ਸੀ। ਪਹਿਲਾ ਅੰਮ੍ਰਿਤਸਰ, ਦੂਜਾ ਸ੍ਰੀ ਹਰਿਗੋਬਿੰਦਪੁਰ, ਤੀਜਾ ਗੁਰੂਸਰ ਮਹਿਰਾਜ ਦੇ ਸਥਾਨ ’ਤੇ ਅਤੇ ਚੌਥਾ ਜੰਗ ਕਰਤਾਰਪੁਰ ਨਗਰ ਵਿੱਚ ਹੋਇਆ।
1634 ਈ: ਵਿੱਚ ਸ਼ਾਹਜਹਾਂ ਦੇ ਸੈਨਾਪਤੀ ਗੁਲਾਮ ਰਸੂਲ ਖਾਂ ਅਤੇ ਮੁਖਲਿਸ ਖਾਂ ਅਤੇ ਸਿੱਖਾਂ ਵਿੱਚਕਾਰ ਬਾਜ਼ ਦੇ ਕਾਰਨ ਹੋਈ। ਜਿਸ ਵਿੱਚ ਗੁਰੂ ਜੀ ਦੀ ਜਿੱਤ ਹੋਈ। ਇਹ ਗੁਰੂ ਜੀ ਦੀ ਸ਼ਾਹਜਹਾਂ ਨਾਲ ਪਹਿਲੀ ਲੜਾਈ ਸੀ। 1635 ਈ: ਵਿੱਚ ਪੈਂਦੇ ਖਾਂ ਨੇ ਜਲੰਧਰ ਦੇ ਸੂਬੇਦਾਰ ਨਾਲ ਰਲ ਕੇਨਵਾਬ ਨੇ ਕਾਲੇ ਖਾਂ ਦੀ ਕਮਾਨ ਹੇਠ ਕਰਤਾਰਪੁਰ ਚ ਜੰਗ ਲੜੀ। ਇਸ ਜੰਗ ’ਚ 14 ਸਾਲ ਦੇ ਤੇਗ ਮੱਲ ( ਸ੍ਰੀ ਗੁਰੂ ਤੇਗ ਬਹਾਦਰ ਜੀ ) ਜੀ ਨੇ ਵੀ ਮੈਦਾਨੇ ਜੰਗ ਵਿੱਚ ਤੇਗ ਦੇ ਜੌਹਰ ਵਿਖਾਏ। ਪੈਂਦੇ ਖਾਂ ਨੂੰ ਗੁਰੂ ਸਾਹਿਬ ਨੇ ਇਸੇ ਮੈਦਾਨ ਵਿੱਚ ਮੌਤ ਦੇ ਘਾਟ ਉਤਾਰਿਆ।
ਸਾਰੀ ਉਮਰ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਦੱਸੇ ਰਾਹ ’ਤੇ ਤੁਰਨ ਲਈ ਪ੍ਰੇਰਿਤ ਕਰਦੇ ਰਹੇ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਅੰਤਿਮ ਦੱਸ ਸਾਲ ਕੀਰਤਪੁਰ ਸਾਹਿਬ ਵਿਖੇ ਬਤੀਤ ਕਿਤੇ। ਇਥੇ ਹੀ ਅੰਤਮ ਸਮਾਂ ਨੇੜੇ ਵੇਖ ਕੇ ਗੁਰੂ ਜੀ ਨੇ ਆਪਣੇ ਪੋਤਰੇ ਸ੍ਰੀ ਹਰਿਰਾਇ ਸਾਹਿਬ ਨੂੰ ਗੱਦੀ ਨਸ਼ੀਨ ਕਰਕੇ 1644 ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ-ਜੋਤਿ ਸਮਾ ਗਏ।