ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਅਕਾਲੀ ਦਲ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਅਕਾਲੀ ਦਲ ਬਸਪਾ ਗਠਜੋੜ ਲਈ ਮੋਰਚਾ ਸੰਭਾਲਣ ਦੀ ਅਪੀਲ ਕੀਤੀ। ਬਸਪਾ ਆਗੂ ਨੇ ਅੱਜ ਪਿੰਡ ਬਾਦਲ ’ਚ ਵੱਡੇ ਬਾਦਲ ਨਾਲ ਮੁਲਾਕਾਤ ਕਰਕੇ ਲੋਕ ਪੱਖੀ ਏਜੰਡਾ ਤਿਆਰ ਕਰਨ ਵਿਚ ਮਾਰਗ ਦਰਸ਼ਨ ਕਰਨ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੂਬੇ ਨੂੰ ਹਰ ਖੇਤਰ ’ਚ ਪਛਾੜ ਦਿੱਤਾ ਹੈ ਇਸ ਲਈ ਅਕਾਲੀ ਦਲ ਸੁਪਰੀਮੋ ਨੂੰ ਅੱਗੇ ਆਉਣਾ ਚਾਹੀਦਾ ਹੈ ।
ਜਸਬੀਰ ਸਿੰਘ ਗੜ੍ਹੀ ਨੇ ਸਰਦਾਰ ਬਾਦਲ ਨੂੰ ਦੇਸ਼ ਦਾ ਸਭ ਤੋਂ ਕੱਦਾਵਰ ਨੇਤਾ ਕਰਾਰ ਦਿੰਦਿਆਂ ਕਿਹਾ ਕਿ ਅਸੀਂ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਵੱਲੋਂ ਪ੍ਰਮੁੱਖ ਮੁੱਦਿਆਂ ਦੇ ਹੱਲ ਲਈ ਉਨ੍ਹਾਂ ਤੋਂ ਫੀਡਬੈਕ ਅਤੇ ਉਨ੍ਹਾਂ ਦੇ ਜਨਤਕ ਜੀਵਨ ਵਿਚ ਵੱਡੇ ਤਜ਼ਰਬਿਆਂ ਤੋਂ ਸਿੱਖਿਆ ਲੈਣ ਆਏ ਸਨ। ਬਸਪਾ ਲੀਡਰ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਦੇ ਰਾਜਕਾਲ ਵੇਲੇ ਸਿਹਤ ਤੇ ਸਿੱਖਿਆ ਖੇਤਰ ਦੇ ਨਿਰੰਤਰ ਵਿਗਾੜ ਦੀ ਚਰਚਾ ਕੀਤੀ ਤੇ ਕਿਹਾ ਕਿ ਅਗਲੀ ਗਠਜੋੜ ਸਰਕਾਰ ਵੇਲੇ ਇਹਨਾਂ ਦੋਹਾਂ ਖੇਤਰਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਹਨਾਂ ਕਿਹਾ ਕਿ ਬਾਦਲ ਸਾਹਿਬ ਇਸ ਗੱਲ ’ਤੇ ਸਹਿਮਤ ਸਨ ਕਿ ਸੂਬੇ ਨੁੰ ਨੌਜਵਾਨਾਂ ਵਾਸਤੇ ਰੋਜ਼ਗਾਰ ਦੇ ਮੌਕੇ ਸਿਰਜਣ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।
ਉਹਨਾਂ ਦੱਸਿਆ ਕਿ ਸੂਬੇ ਵਿਚ ਜ਼ਮੀਨ, ਪਾਣੀ ਤੇ ਹਵਾ ਦੇ ਹਾਲਾਤ ਸੁਧਾਰਨ ’ਤੇ ਚਰਚਾ ਕੀਤੀ ਗਈ। ਬਸਪਾ ਆਗੂ ਨੇ ਸਾਬਕਾ ਮੁੱਖ ਮੰਤਰੀ ਨੂੰ ਭਰੋਸਾ ਦੁਆਇਆ ਕਿ ਪੰਜਾਬ ਵਿਚ ਅਗਲੀ ਗਠਜੋੜ ਸਰਕਾਰ ਉਹਨਾਂ ਦੀ ਅਗਵਾਈ ਹੇਠਲੀਆਂ ਅਕਾਲੀ ਦਲ ਸਰਕਾਰਾਂ ਵੱਲੋਂ ਅਪਣਾਈਆਂ ਲੋਕ ਪੱਖੀ ਨੀਤੀਆਂ ’ਤੇ ਚੱਲੇਗੀ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜੋ ਸ਼ਾਂਤੀ ਤੇ ਫਿਰਕੂ ਸਦਭਾਵਨਾ ਪ੍ਰਤੀ ਵਚਨਬੱਧਤਾ ਕਾਇਮ ਰੱਖੀ, ਅਸੀਂ ਉਸ ’ਤੇ ਕਾਇਮ ਹਾਂ ਜਿਸ ਦੇ ਅਧਾਰ ਤੇ ਅਸੀਂ ਸਮਾਜ ਦੇ ਸਾਰੇ ਫਿਰਕਿਆਂ ਵਿਚ ਆਪਸੀ ਭਾਈਚਾਰਾ ਹਰ ਹਾਲਤ ਵਿਚ ਯਕੀਨੀ ਬਣਾਵਾਂਗੇ। ਇਸ ਮੀਟਿੰਗ ਦੌਰਾਨ ਬਸਪਾ ਦੇ ਜਨਰਲ ਸਕੱਤਰ ਡਾ. ਨਛੱਤਰ ਪਾਲ ,ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਤੇ ਹਰਪ੍ਰੀਤ ਸਿੰਘ ਸਮੇਤ ਸੀਨੀਅਰ ਅਕਾਲੀ ਆਗੂ ਵੀ ਹਾਜ਼ਰ ਸਨ।